ਲੁਧਿਆਣੇ ਦੇ ਥਾਣਾ ਸਲੇਮ ਟਾਬਰੀ ਇਲਾਕੇ ‘ਚ ਨਿਊ ਕਰਤਾਰ ਨਗਰ ਵਿੱਚ ਦਿਨ ਦਿਹਾੜੇ ਇੱਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਬਾਥਰੂਮ ‘ਚੋਂ ਮਿਲੀ ਹੈ। ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੁੱਟ ਦੀ ਵਾਰਦਾਤ ਕਰਕੇ ਕਤਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਲੁੱਟ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 55 ਸਾਲਾ ਸੋਨਮ ਜੈਨ ਵਜੋਂ ਹੋਈ ਹੈ। ਔਰਤ ਦੇ ਦੋ ਬੱਚੇ ਹਨ ,ਜੋ ਵਿਦੇਸ਼ ਵਿੱਚ ਰਹਿੰਦੇ ਹਨ। ਘਟਨਾ ਸਮੇਂ ਔਰਤ ਦਾ ਪਤੀ ਸੁਰਿੰਦਰ ਕੰਮ ‘ਤੇ ਗਿਆ ਹੋਇਆ ਸੀ। ਜਦੋਂ ਉਹ ਦੁਪਹਿਰ ਨੂੰ ਖਾਣੇ ਲਈ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਦਰਵਾਜ਼ਾ ਖੁੱਲ੍ਹਾ ਸੀ। ਉਸਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਪਰ ਕੋਈ ਜਵਾਬ ਨਹੀਂ ਆਇਆ।
ਜਦੋਂ ਉਸਨੇ ਘਰ ਦੇ ਅੰਦਰ ਜਾ ਕੇ ਬਾਥਰੂਮ ਵਿੱਚ ਦੇਖਿਆ ਤਾਂ ਉਸਨੇ ਸੋਨਮ ਨੂੰ ਖੂਨ ਨਾਲ ਲੱਥਪੱਥ ਫਰਸ਼ ‘ਤੇ ਪਈ ਦੇਖਿਆ। ਸੁਰਿੰਦਰ ਨੇ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਸਲੇਮ ਟਾਬਰੀ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਸਲੇਮ ਟਾਬਰੀ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਤਲ ਦਾ ਸ਼ੱਕ ਹੈ।
ਮੌਕੇ ਤੋਂ ਪੁਲਿਸ ਨੂੰ cctv ਫੁਟੇਜ ਵੀ ਮਿਲੀ ਹੈ, ਜਿਸ ਵਿਚ ਟੋਪੀ ਪਹਿਨੇ ਹੋਏ ਇੱਕ ਬੰਦਾ ਆਉਂਦਾ -ਜਾਂਦਾ ਨਜ਼ਰ ਆ ਰਿਹਾ ਹੈ। ਇਹ ਵੀ ਸ਼ੱਕ ਹੈ ਕਿ ਕਾਤਲ ਲੁੱਟ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਸੀ। ਇਹ ਵਿਅਕਤੀ ਲਗਭਗ 11.16 ਵਜੇ ਘਰ ਵਿੱਚ ਦਾਖਲ ਹੋਇਆ ਅਤੇ ਲਗਭਗ 11:45 ਵਜੇ ਘਰ ਤੋਂ ਬਾਹਰ ਨਿਕਲਦਾ ਦੇਖਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।