ਲੁਧਿਆਣਾ ਦੇ ਜੈਨ ਮੰਦਰ ਚੌਂਕ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਡਿਲਵਰੀ ਬੁਆਏ ਜਤਿਨ ਨਾਮਕ 21 ਸਾਲਾਂ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਸਕੂਲੀ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਹੈ। ਉਧਰ, ਘਟਨਾ ਤੋਂ ਬਾਅਦ ਬੱਸ ਚਾਲਕ ਜਿਵੇਂ ਹੀ ਨੌਜਵਾਨ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ‘ਚ ਆਏ ਪਰਵਾਰਿਕ ਮੈਂਬਰਾਂ ਨੇ ਸਕੂਲੀ ਬੱਸ ਦੀ ਭੰਨਤੋੜ ਕੀਤੀ ਤਾਂ ਮੌਕੇ ਤੋਂ ਬੱਸ ਚਾਲਕ ਫਰਾਰ ਹੋ ਗਿਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ
ਉਧਰ, ਪਰਿਵਾਰ ਦੇ ਦੱਸਣ ਮੁਤਾਬਿਕ 21 ਸਾਲਾ ਨੌਜਵਾਨ ਜਤਿਨ ਇੱਕ ਕੰਪਨੀ ਦੇ ਵਿੱਚ ਡਿਲੀਵਰੀ ਬੁਆਏ ਵੱਜੋਂ ਕੰਮ ਕਰਦਾ ਸੀ ਅਤੇ ਉਹ ਇਸੇ ਸਿਲਸਿਲੇ ‘ਚ ਜੈਨ ਮੰਦਰ ਚੌਂਕ ਨਜ਼ਦੀਕ ਗਿਆ ਸੀ, ਜਿੱਥੇ ਉਹ ਸਕੂਲੀ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਹਨਾਂ ਜਿੱਥੇ ਬੱਸ ਚਾਲਕ ਦੇ ਖਿਲਾਫ ਜੰਮ ਕੇ ਗੁੱਸਾ ਜਾਹਿਰ ਕੀਤਾ ਤਾਂ ਉਥੇ ਹੀ ਉਸ ਦੀ ਗਿਰਫਤਾਰੀ ਦੀ ਵੀ ਮੰਗ ਕੀਤੀ।
ਮੌਕੇ ‘ਤੇ ਪਹੁੰਚੀ, ਜਾਂਚ ਸ਼ੁਰੂ
ਹਾਲਾਂਕਿ ਮੌਕੇ ਤੇ ਮੌਜੂਦ ਥਾਣਾ ਦੁਗਰੀ ਦੀ ਪੁਲਿਸ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਕਿਹਾ ਕਿ ਸਕੂਲੀ ਬੱਸ ਦੇ ਨਾਲ ਜੈਨ ਮੰਦਰ ਚੌਂਕ ਨਜ਼ਦੀਕ ਹਾਦਸਾ ਵਾਪਰਿਆ ਹੈ ਅਤੇ ਇਸ ਹਾਦਸੇ ਦੌਰਾਨ 21 ਸਾਲਾਂ ਨੌਜਵਾਨ ਦੀ ਮੌਤ ਹੋਈ ਹੈ ਜਿਸ ਨੂੰ ਲੈ ਕੇ ਜਾਂਚ ਜਾਰੀ ਹੈ।









