ਅੱਜ ਅੰਤਿਮ ਅਰਦਾਸ ’ਤੇ ਵਿਸ਼ੇਸ਼ ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਧੀਰ ਸਿੰਘ ਚੀਮਾ ਦੇ ਨਮਿੱਤ ਭੋਗ ਦੀ ਰਸਮ ਦੀਵਾਨ ਟੋਡਰ ਮੇਲ ਹਾਲ ਫ਼ਤਹਿਗੜ੍ਹ ਸਾਹਿਬ ’ਚ 19 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਇਕ ਵਜੇ ਤੱਕ ਹੋਵੇਗੀ।
ਇਸ ਮੌਕੇ ਦੀਵਾਨ ਟੋਡਰ ਮੱਲ ਹਾਲ ਦੇ ਬਾਹਰ ਖੂਨਦਾਨ ਕੈਂਪ ਲਾਇਆ ਜਾਵੇਗਾ। ਸਾਰੀ ਸੰਗਤ ਲਈ ਬੂਟੇ ਵੰਡੇ ਜਾਣਗੇ। ਜਥੇ. ਰਣਧੀਰ ਸਿੰਘ ਚੀਮਾ ਦਾ ਜਨਮ 5 ਮਈ, 1929 ਨੂੰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਸੈਜੋ ਕੇ ਵਿੱਚ ਕੇਹਰ ਸਿੰਘ ਤੇ ਮਾਤਾ ਬਲਵੰਤ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਲਾਰਡ ਮਰੇ ਕਾਲਜ, ਸਿਆਲਕੋਟ ਤੋਂ ਐੱਫਏ ਤੱਕ ਪੜ੍ਹਾਈ ਕੀਤੀ। ਉਨ੍ਹਾਂ ਦਾ ਪਰਿਵਾਰ ਸਿਆਲਕੋਟ ਵਿਚ ਜ਼ਮੀਨ ਕੋਆਪ੍ਰੇਟਿਵ ਬੈਂਕ ਤੇ ਭੱਠਿਆਂ ਦਾ ਮਾਲਕ ਸੀ।
ਦੇਸ਼ ਦੀ ਵੰਡ ਸਮੇਂ ਪਰਿਵਾਰ ਨੇ ਗੰਗਾ ਨਗਰ ’ਚ ਜ਼ਮੀਨ ਖਰੀਦੀ ’ਤੇ ਬਾਅਦ ’ਚ ਬੱਸੀ ਪਠਾਣਾਂ ’ਚ ਸੈਟਲ ਹੋਏ। 1956 ਵਿੱਚ ਉਨ੍ਹਾਂ ਦਾ ਵਿਆਹ ਚੱਕ ਰੁਲਦੂ ਸਿੰਘ ਵਾਲਾ ਦੇ ਹਮੀਰ ਸਿੰਘ ਦੀ ਪੁੱਤਰੀ ਦਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੀ ਪਤਨੀ ਦੇ ਨਾਨੇ ਕਰਤਾਰ ਸਿੰਘ ਚਨਾਰਥਲ ਤੇ ਮਾਸੜ ਕਰਤਾਰ ਸਿੰਘ ਦੀਵਾਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਰਹੇ। ਜਥੇਦਾਰ ਚੀਮਾ ਦੇ ਪਿਤਾ ਕੇਹਰ ਸਿੰਘ ਦੇ ਨਜ਼ਦੀਕੀ ਗੁਰਬਚਨ ਸਿੰਘ ਕਲਸੀਆਂ, ਜੋ ਕਲਸੀਆਂ ਰਿਆਸਤ ਦੇ ਪ੍ਰਧਾਨ ਮੰਤਰੀ ਸਨ ਤੇ ਤਾਏ ਸਮਸ਼ੇਰ ਸਿੰਘ 1936-37 ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਰਹੇ। ਵੰਡ ਤੋਂ ਬਾਅਦ ਕੇਹਰ ਸਿੰਘ ਨੇ ਸਿਆਲਕੋਟੀਆਂ ਦੀ ਬਰਾਦਰੀ ਦੇ ਮੁੜ ਵਸੇਬੇ ਲਈ ਮਹੱਤਵਪੂਰਨ ਯੋਗਦਾਨ ਦਿੱਤਾ। 1968-69 ਵਿੱਚ ਜਸਟਿਸ ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਵਿੱਚ ਉਹ ਪੀਡਬਲਯੂਡੀ, ਬੀਐਂਡਆਰ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਮੰਤਰੀ ਬਣੇ। ਪੂਰੇ ਪੰਜਾਬ ’ਚ 7-7 ਪਿੰਡਾਂ ਪਿੱਛੇ ਪਸ਼ੂ ਡਿਸਪੈਂਸਰੀਆਂ ਸਥਾਪਤ ਕੀਤੀਆਂ।
ਮੋਰਿੰਡੇ ਤੋਂ ਮਾਧੋਪੁਰ ਤੱਕ 150 ਪਿੰਡਾਂ ’ਚ ਸੜਕਾਂ ਅਤੇ ਪੁਲਾਂ ਦਾ ਜਾਲ ਵਿਛਾਇਆ। ਇਸ ਕਾਰਨ ਉਹ ਸੜਕਾਂ ਵਾਲੇ ਮੰਤਰੀ ਵਜੋਂ ਪ੍ਰਸਿੱਧ ਹੋਏ। ਉਨ੍ਹਾਂ ਨੇ ਸਰਹਿੰਦ ਤੋਂ ਗੁਰਦੁਆਰਾ ਜੋਤੀ ਸਰੂਪ ਤੱਕ 44 ਫੁੱਟ ਚੌੜੀ ਸੜਕ ਬਣਵਾਈ। 1972 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਐਮਰਜੈਂਸੀ ਦੌਰਾਨ ਉਹ ਜੇਲ੍ਹ ਗਏ ਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ। 1970 ਤੇ 1977 ’ਚ ਬਾਦਲ ਸਰਕਾਰ ਵੇਲੇ ਲੋਕ ਨਿਰਮਾਣ ਮੰਤਰੀ ਰਹੇ।
1981 ’ਚ ਅਨੰਦਪੁਰ ਸਾਹਿਬ ਮਤੇ ਤੇ ਧਰਮ ਯੁੱਧ ਮੋਰਚੇ ’ਚ ਮੋਹਰੀ ਭੂਮਿਕਾ ਨਿਭਾਈ। 1983 ’ਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ’ਚ 5 ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋ ਕੇ ਸੂਬੇ ਦੀਆਂ ਮੰਗਾਂ ਨੂੰ ਕੇਂਦਰ ਸਾਹਮਣੇ ਰੱਖੀਆਂ। 2011 ’ਚ ਬੱਸੀ ਪਠਾਣਾਂ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤੀ। ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 25 ਦੀਆਂ ਕਾਪੀਆਂ ਸਾੜੀਆਂ ਤੇ ਕੇਂਦਰ ਵਲੋਂ ਆਈਆਂ ਵੱਡੀਆਂ ਆਫ਼ਰਾਂ ਨੂੰ ਠੁਕਰਾਇਆ। ਉਨ੍ਹਾਂ ਦੇ ਪੁੱਤਰ ਜਗਦੀਪ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ, ਮਾਤਾ ਗੁਜਰੀ ਕਾਲਜ ਦੇ ਸਕੱਤਰ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਟਰੱਸਟੀ ਹਨ। ਦੂਜੇ ਪੁੱਤਰ ਗੁਰਦੀਪ ਸਿੰਘ ਚੀਮਾ ਨੇ ਅਡੀਸ਼ਨਲ ਐਡਵੋਕੇਟ ਜਨਰਲ ਵਜੋਂ 2020 ਤੱਕ ਸੇਵਾ ਨਿਭਾਈ।