ਦਿੱਗਜ ਪਹਿਲਵਾਨ ਵਿਨੇਸ਼ ਫੋਗਾਟ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਰੇਲਵੇ ਦੀ ਨੌਕਰੀ ਛੱਡ ਦਿੱਤੀ ਹੈ। ਵਿਨੇਸ਼ ਫੋਗਾਟ ਨੂੰ ਉੱਤਰੀ ਰੇਲਵੇ ਵਿੱਚ ਓਐਸਡੀ/ਸਪੋਰਟਸ ਵਜੋਂ ਤਾਇਨਾਤ ਕੀਤਾ ਗਿਆ ਸੀ।
ਉਸਨੇ ਕਿਹਾ, “ਮੇਰੀ ਜ਼ਿੰਦਗੀ ਦੇ ਇਸ ਮੋੜ ‘ਤੇ, ਮੈਂ ਆਪਣੇ ਆਪ ਨੂੰ ਰੇਲਵੇ ਸੇਵਾ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ ਅਤੇ ਭਾਰਤੀ ਰੇਲਵੇ ਦੇ ਸਮਰੱਥ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਪੱਤਰ ਸੌਂਪ ਦਿੱਤਾ ਹੈ।” ਦੇਸ਼ ਦੀ ਸੇਵਾ ਕਰਨ ਲਈ ਰੇਲਵੇ ਵੱਲੋਂ ਮੈਨੂੰ ਦਿੱਤੇ ਗਏ ਇਸ ਮੌਕੇ ਲਈ ਮੈਂ ਭਾਰਤੀ ਰੇਲਵੇ ਪਰਿਵਾਰ ਦਾ ਹਮੇਸ਼ਾ ਧੰਨਵਾਦੀ ਰਹਾਂਗੀ।
ਬਜਰੰਗ ਪੂਨੀਆ ਨੇ ਵੀ ਨੌਕਰੀ ਛੱਡ ਦਿੱਤੀ
ਉਨ੍ਹਾਂ ਦੇ ਨਾਲ ਹੀ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਦੋਵੇਂ ਖਿਡਾਰੀ ਅੱਜ ਯਾਨੀਕਿ 6 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣਗੇ। ਪਾਰਟੀ ਉਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦੇ ਸਕਦੀ ਹੈ। ਬਜਰੰਗ ਪੂਨੀਆ ਉੱਤਰੀ ਰੇਲਵੇ ਵਿੱਚ ਓਐਸਡੀ ਸਪੋਰਟਸ ਦੇ ਅਹੁਦੇ ‘ਤੇ ਸਨ। ਉਨ੍ਹਾਂ ਦੀ ਨਿਯੁਕਤੀ 13 ਸਤੰਬਰ 2014 ਨੂੰ ਹੋਈ ਸੀ।
ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ
ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਬੁੱਧਵਾਰ (4 ਸਤੰਬਰ) ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਵਾਂ ਦੇ ਚੋਣ ਲੜਨ ਦੀਆਂ ਅਟਕਲਾਂ ਤੇਜ਼ ਹੋ ਗਈਆਂ। ਇਸ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਨੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਅਤੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ ਸੀ।
ਬਜਰੰਗ ਪੂਨੀਆ ਟੋਕੀਓ ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਹੈ, ਜਦਕਿ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੈ।