ਸਰਹੱਦਾਂ ਸੀਲ, 1000 ਕਰੋੜ ਤੋਂ ਵੱਧ ਦਾ ਕਾਰੋਬਾਰ ਠੱਪ, ਫਲਾਂ ਤੇ ਸਬਜ਼ੀਆਂ ‘ਤੇ ਵੀ ਪਵੇਗਾ ਅਸਰ

0
100191
ਸਰਹੱਦਾਂ ਸੀਲ, 1000 ਕਰੋੜ ਤੋਂ ਵੱਧ ਦਾ ਕਾਰੋਬਾਰ ਠੱਪ, ਫਲਾਂ ਤੇ ਸਬਜ਼ੀਆਂ 'ਤੇ ਵੀ ਪਵੇਗਾ ਅਸਰ

ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ‘ਦਿੱਲੀ ਚੱਲੋ’ ਪ੍ਰੋਗਰਾਮ ਅਰੰਭ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਰਕਾਰਾਂ ਅਤੇ ਕਿਸਾਨ ਆਹਮੋ-ਸਾਹਮਣੇ ਹਨ। ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ। ਹਰਿਆਣਾ ‘ਚ ਜਿਥੇ ਬਾਰਡਰ ਸੀਲ ਕੀਤਾ ਗਿਆ ਹੈ ਅਤੇ ਸੜਕਾਂ ‘ਤੇ ਬੈਰੀਕੇਡਿੰਗ ਕੀਤੀ ਗਈ ਹੈ, ਉਥੇ ਹੀ ਰਾਜਧਾਨੀ ਦਿੱਲੀ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ, ਜਿਸ ਦਾ ਅਸਰ ਹਰ ਪਾਸੇ ਵੇਖਿਆ ਜਾ ਰਿਹਾ ਹੈ।

ਜਿਥੇ ਹਵਾਈ ਜਹਾਜ਼ ਦੀਆਂ ਟਿਕਟਾਂ 5 ਗੁਣਾਂ ਮਹਿੰਗੀਆਂ ਹੋ ਗਈਆਂ ਹਨ, ਉਥੇ ਲਗਭਗ 1000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਠੱਪ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਕਿਸਾਨ ਅੰਦੋਲਨ (Farmer Protest) ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ‘ਤੇ ਵੀ ਮਹਿੰਗਾਈ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਵੇਖਿਆ ਜਾ ਸਕਦਾ ਹੈ।

1000 ਤੋਂ ਵੱਧ ਦੇ ਕਾਰੋਬਾਰ ‘ਤੇ ਅਸਰ

ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਸਰਹੱਦਾਂ ਸੀਲ ਹੋਣ ਕਾਰਨ ਹਿਮਾਚਲ ਤੋਂ ਆਉਣ ਵਾਲੇ ਫਲਾਂ ਅਤੇ ਸਬਜ਼ੀਆਂ ਸਮੇਤ ਇੱਕ-ਦੂਜੇ ਰਾਜਾਂ ‘ਚ ਆਯਾਤ-ਨਿਰਯਾਤ ਪ੍ਰਭਾਵਤ ਹੋਇਆ ਹੈ। ਦਿੱਲੀ ਤੋਂ ਟਿਕਰੀ ਬਾਰਡਰ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ, ਜਿਸ ਕਾਰਨ ਹਰਿਆਣਾ ਦਾ 1000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਪ੍ਰਭਾਵਤ ਹੋਇਆ ਹੈ। ਇਸਤੋਂ ਇਲਾਵਾ ਹਰਿਆਣਾ ਸਰਕਾਰ ਨੂੰ ਵੀ ਸਰਕਾਰੀ ਬੱਸਾਂ ਨਾ ਚੱਲਣ ਕਾਰਨ 10 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹਰਿਆਣਾ ਤੋਂ ਪੰਜਾਬ ਲਈ ਰੋਜ਼ਾਨਾ 400 ਬੱਸਾਂ ਚਲਦੀਆਂ ਹਨ, ਪਰ ਅੰਦੋਲਨ ਕਾਰਨ ਇਹ ਹੁਣ ਬੰਦ ਹਨ।

ਇਨ੍ਹਾਂ ਰੂਟਾਂ ‘ਤੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਦਲਵੇਂ ਰੂਟਾਂ ਤੇ ਨਿੱਜੀ ਵਾਹਨਾਂ ਰਾਹੀਂ ਆਉਣ-ਜਾਣ ਕਰਨਾ ਪੈ ਰਿਹਾ ਹੈ, ਜੋ ਕਿ ਮਹਿੰਗਾ ਵੀ ਪੈ ਰਿਹਾ ਹੈ। ਕਿਸਾਨ ਪ੍ਰਦਰਸ਼ਨ ਕਾਰਨ ਸ਼ੰਭੂ ਟੋਲ ਪਲਾਜ਼ਾ ਵੀ ਬੰਦ ਹੋ ਗਿਆ ਹੈ, ਜਿਸ ਕਾਰਨ ਰੋਜ਼ਾਨਾ 50 ਲੱਖ ਰੁਪਏ ਦੀ ਆਮਦਨ ਦਾ ਨੁਕਸਾਨ ਵੀ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਵੀ ਲਗਭਗ ਹਰਿਆਣਾ ਨੂੰ ਜਾਂਦੇ 100 ਰੂਟ ਬੰਦ ਹੋ ਗਏ ਹਨ।

ਮਹਿੰਗੇ ਹੋਣਗੇ ਸਬਜ਼ੀਆਂ ਤੇ ਫਲ

ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਛੇਤੀ ਨਾ ਨਿਬੜੀ ਤਾਂ ਇਸਦਾ ਅਸਰ ਸਬਜ਼ੀਆਂ ਅਤੇ ਫਲਾਂ ‘ਤੇ ਵੀ ਵਿਖਾਈ ਦੇਵੇਗਾ। ਕਿਉਂਕਿ ਸਰਹੱਦਾਂ ਸੀਲ ਹੋਣ ਕਾਰਨ ਆਵਾਜਾਈ ਠੱਪ ਹੈ ਅਤੇ ਫਲਾਂ ਤੇ ਸਬਜ਼ੀਆਂ ਦੀ ਭਾਰੀ ਥੋੜ੍ਹ ਆ ਸਕਦੀ ਹੈ।

ਪੰਜਾਬ ਤੋਂ ਦਿੱਲੀ ਅਤੇ ਇਸ ਰਾਹੀਂ ਆਉਣ ਵਾਲੇ ਸੈਂਕੜੇ ਟਰੱਕ ਸੜਕਾਂ ‘ਤੇ ਫਸੇ ਹੋਏ ਹਨ। ਜਲੰਧਰ ਤੋਂ ਨਿਕਲਣ ਵਾਲਾ ਟਰੱਕ ਦਿੱਲੀ ਨਹੀਂ ਪਹੁੰਚ ਰਹੇ। ਟਰਾਂਸਪੋਰਟ ਯੂਨੀਅਨਾਂ ਦਾ ਕਹਿਣਾ ਹੈ ਕਿ ਜੇਕਰ ਅੰਦੋਲਨ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਹਰ ਰੋਜ਼ 500 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here