ਬਠਿੰਡਾ ਪੁਲਿਸ ਨੇ ਸ਼ਿਵ ਸੈਨਾ ਆਗੂ ਵੱਲੋਂ ਆਪਣੇ ਆਪ ‘ਤੇ ਕਰਵਾਏ ਝੂਠੇ ਹਮਲੇ ਦੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਅਸਲੀ ਤੱਥ ਸਾਹਮਣੇ ਲਿਆ ਕੇ ਪੂਰੀ ਹਕੀਕਤ ਦੱਸੀ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਨਕਲੀ ਫਾਇਰਿੰਗ ਕਰਨ ਲਈ ਵਰਤਿਆ ਦੇਸੀ ਕੱਟਾ (ਪਿਸਟਲ) ਵੀ ਬਰਾਮਦ ਕੀਤਾ ਹੈ।
ਦੱਸ ਦਈਏ ਕਿ 19 ਫਰਵਰੀ ਨੂੰ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਉਰਵਿੰਦਰ ਸਿੰਘ ਵਾਸੀ ਵਾਰਡ ਨੰਬਰ 43 ਤੇਜਾਬ ਫੈਕਟਰੀ ਵਾਲੀ ਗਲੀ ਪਰਸ ਰਾਮ ਨਗਰ ਬਠਿੰਡਾ ਦੇ ਦਫਤਰ ਬਾਹਰ ਹਵਾਈ ਫਾਇਰ ਹੋਣ ਸਬੰਧੀ ਘਟਨਾ ਹੋਈ ਸੀ। ਇਸ ਸਬੰਧੀ ਮਨਿੰਦਰ ਨੇ ਇਸ ਘਟਨਾ ਦੀ ਇਤਲਾਹ 112 ਪੁਲਿਸ ਹੈਲਪਲਾਈਨ ‘ਤੇ ਦਿੱਤੀ ਸੀ।
ਇਸ ਸਬੰਧੀ ਪੁਲਿਸ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਇਹ ਝੂਠੀ ਇਤਲਾਹ ਪਾਈ ਗਈ। ਬਠਿੰਡਾ ਪੁਲਿਸ ਦੀਆਂ ਸੀਆਈਏ ਸਟਾਫ-2 ਤੇ ਥਾਣਾ ਕੈਨਾਲ ਕਲੋਨੀ ਬਠਿੰਡਾ ਵੱਲੋਂ ਇਸ ਝੂਠੀ ਵਾਰਦਾਤ ਨੂੰ ਟ੍ਰੇਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚੋਂ ਫਾਇਰਿੰਗ ਲਈ ਵਰਤਿਆ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ ਹੈ।
ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ-2 ਤੇ ਥਾਣਾ ਕੈਨਾਲ ਕਲੋਨੀ ਵੱਲੋਂ ਇਸ ਘਟਨਾ ਨੂੰ ਟ੍ਰੇਸ ਕਰਦੇ ਹੋਏ ਇਸ ਦੀ ਬਾਰੀਕੀ ਨਾਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਿੰਦਰ ਸਿੰਘ ਉਰਫ ਮਨੀ ਨੇ ਆਪਣੇ ਸਾਥੀਆਂ ਅਵਿਸ਼ ਕੁਮਾਰ ਪੁੱਤਰ ਨੱਥੂ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨਾਲ ਮਿਲ ਕੇ ਇਹ ਪਲੈਨ ਬਣਾਇਆ ਸੀ।
ਮਨਿੰਦਰ ਸਿੰਘ ਵੱਲੋਂ ਇਸ ਪਲੈਨ ਤਹਿਤ ਆਪਣੇ ਆਪ ਲਈ ਪੁਲਿਸ ਸਕਿਊਰਟੀ ਹਾਸਲ ਕਰਨ ਲਈ ਇਹ ਅੰਜਾਮ ਦਿੱਤਾ ਸੀ। ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 35 ਮਿਤੀ 7.3.2024 ਅ/ਧ 195,336,120-ਬੀ ਆਈਪੀਸੀ ,25/54/59 ਅਸਲਾ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚੋਂ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।