ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਇੱਕ ਮੁਲਾਜ਼ਮ ਦੀ ਛਾਤੀ ‘ਤੇ ਕ੍ਰਿਪਾਨ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਦਫ਼ਤਰ ਦੀ ਲੇਖਾ ਸ਼ਾਖਾ ਵਿੱਚ ਵਾਪਰੀ।
ਹਾਸਲ ਜਾਣਕਾਰੀ ਮੁਤਾਬਕ ਕਤਲ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਿਆ। ਦੱਸਿਆ ਦਾ ਰਿਹਾ ਹੈ ਕਿ ਕਾਤਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਸੀ। ਦੂਜੇ ਪਾਸੇ ਜਿਸ ਮੁਲਾਜ਼ਮ ਦਾ ਕਤਲ ਹੋਇਆ ਹੈ, ਉਸ ਦੀ 31 ਅਕਤੂਬਰ ਨੂੰ ਸੇਵਾਮੁਕਤੀ ਸੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਪੁਲੀਸ ਅਨੁਸਾਰ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਐਸਜੀਪੀਸੀ ਦੀ ਅਕਾਊਂਟ ਸ਼ਾਖਾ ਵਿੱਚ ਕੰਮ ਕਰਦੇ ਹਨ। ਉਨ੍ਹਾਂ ਵਿਚਕਾਰ ਕੁਝ ਪੁਰਾਣਾ ਝਗੜਾ ਚੱਲ ਰਿਹਾ ਸੀ। ਦੁਪਹਿਰ ਕਰੀਬ 1.30 ਵਜੇ ਸੁਖਬੀਰ ਆਪਣੇ ਸਾਥੀਆਂ ਸਮੇਤ ਲੇਖਾ ਸ਼ਾਖਾ ਵਿੱਚ ਪੁੱਜਿਆ। ਇਸ ਦੌਰਾਨ ਦੋਵਾਂ ਵਿਚਕਾਰ ਤਕਰਾਰ ਹੋ ਗਈ। ਇਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ। ਸੁਖਬੀਰ ਸਿੰਘ ਨੇ ਦਰਬਾਰਾ ਸਿੰਘ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਉਸ ਨੇ ਦਰਬਾਰਾ ਸਿੰਘ ‘ਤੇ ਕਰੀਬ 5 ਵਾਰ ਕੀਤਾ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ।
ਦਰਬਾਰਾ ਸਿੰਘ ਨੂੰ ਬੇਹੋਸ਼ ਹੋ ਕੋ ਜ਼ਮੀਨ ‘ਤੇ ਡਿੱਗਦਾ ਦੇਖ ਸੁਖਬੀਰ ਸਿੰਘ ਸਮਝ ਗਿਆ ਕਿ ਹੁਣ ਉਹ ਬਚ ਨਹੀਂ ਸਕੇਗਾ। ਇਹ ਦੇਖ ਕੇ ਉਹ ਉਥੋਂ ਭੱਜ ਗਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਉੱਥੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ।
ਸੁਖਬੀਰ ਤੇ ਦਰਬਾਰਾ ਸਿੰਘ ਵਿਚਾਲੇ ਲੜਾਈ ਦਾ ਰੌਲਾ ਸੁਣ ਕੇ ਸਾਰੇ ਮੁਲਾਜ਼ਮ ਲੇਖਾ ਸ਼ਾਖਾ ਦੇ ਦਫ਼ਤਰ ਪੁੱਜ ਗਏ। ਦਰਬਾਰਾ ਸਿੰਘ ਉਥੇ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਸੁਖਬੀਰ ਆਪਣੇ ਦੋ ਸਾਥੀਆਂ ਸਮੇਤ ਉੱਥੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦਰਬਾਰਾ ਸਿੰਘ ਦੀ ਮੌਤ ਹੋ ਗਈ।