ਸ਼ੰਭੂ ਤੇ ਖਨੌਰੀ ਸਰਹੱਦ ਨੂੰ ਖਾਲੀ ਕਰਵਾਉਣ ਦੀਆਂ ਤਿਆਰੀਆਂ ਤੇਜ਼, ਹਾਲਾਤ ਹੋਏ ਤਣਾਅਪੂਰਨ

0
10718

ਪੰਜਾਬ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਤੋਂ ਇਲਾਵਾ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ, ਕਾਕਾ ਸਿੰਘ ਕੋਟੜਾ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸਰਕਾਰ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਖਾਲੀ ਕਰਨ ਦੀ ਰਣਨੀਤੀ ਬਣਾਈ ਹੈ, ਜਿਸ ਤਹਿਤ ਇਹ ਕਾਰਵਾਈ ਕੀਤੀ ਗਈ। ਇਹ ਸਾਰੇ ਆਗੂ ਕਿਸਾਨਾਂ ਦੀਆਂ ਮੰਗਾਂ ਲਈ ਲੰਬੇ ਸਮੇਂ ਤੋਂ ਲੜ ਰਹੇ ਹਨ ਅਤੇ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਰੰਟੀ ਸਮੇਤ ਹੋਰ ਮੰਗਾਂ ਪੂਰੀਆਂ ਕਰਨ ਦੀ ਅਪੀਲ ਕਰ ਰਹੇ ਹਨ।

ਜਾਣਕਾਰੀ ਅਨੁਸਾਰ, ਮੋਹਾਲੀ-ਚੰਡੀਗੜ੍ਹ ਸਰਹੱਦ (ਏਅਰਪੋਰਟ ਰੋਡ) ‘ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਈ, ਜਿੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ। ਪੁਲਿਸ ਨੇ ਸਾਵਧਾਨੀ ਵਰਤਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਜ਼ਿਕਰ ਕਰ ਦਈਏ ਕਿ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਹੋਈ 7ਵੀਂ ਵਾਰਤਾ ਵੀ ਬੇਸਿੱਟਾ ਰਹੀ। ਕੇਂਦਰ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਪਿਊਸ਼ ਗੋਇਲ ਤੇ ਪ੍ਰਹਿਲਾਦ ਜੋਸ਼ੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ, ਜੋ ਲਗਭਗ 4 ਘੰਟੇ ਚੱਲੀ। ਮੀਟਿੰਗ ਤੋਂ ਬਾਅਦ, ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਵਾਪਸ ਆ ਰਹੇ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਵੀ ਹੋਈ। ਜਦੋਂ ਕਿ ਸਰਵਣ ਪੰਧੇਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਤੋਂ ਬਾਅਦ ਹੀ ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ ਸ਼ੁਰੂ ਹੋ ਗਈ। ਦੋਵੇਂ ਥਾਵਾਂ ਉਪਰ ਲੱਗੇ ਕਿਸਾਨ ਮੋਰਚਿਆਂ ਉਪਰ ਵੱਡੀ ਗਿਣਤੀ ਪੁਲਿਸ ਪਹੁੰਚ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੈ।

ਖਨੌਰੀ ਬਾਰਡਰ ਨੇੜੇ 3-4 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੋਈ ਹੈ। ਪੁਲਿਸ ਦੀਆਂ ਆਪਣੀਆਂ ਗੱਡੀਆਂ ਹੋਣ ਦੇ ਬਾਵਜੂਦ ਪੁਲਿਸ ਨੇ PRTC ਦੀਆਂ 40 ਬੱਸਾਂ ਬੁੱਕ ਕਰਵਾਈਆਂ ਹਨ। ਦੁਕਾਨਾਂ ਤੇ ਢਾਬਿਆਂ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਇਕੱਠੀ ਹੋ ਰਹੀ ਹੈ। ਖੇਤਾਂ ਵਿੱਚ 40 ਦੇ ਲਗਪਗ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਐਂਬੂਲੈਂਸ , ਵਾਟਰ ਕੈਨਨ ਟੈਂਕ ਸਭ ਤਿਆਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਅੱਜ ਰਾਜ ਧਰਨੇ ਚੁਕਾ ਸਕਦੀ ਹੈ। ਕਿਸਾਨ ਲੀਡਰਾਂ ਨੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮੋਰਚਿਆਂ ਵਿੱਚ ਪਹੁੰਚਣ ਲਈ ਕਿਹਾ ਹੈ।

LEAVE A REPLY

Please enter your comment!
Please enter your name here