ਮੁਹਾਲੀ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਠੱਗੀ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜਿਹੜੇ ਕਿਰਾਏ ਦੇ ਫਲੈਟ ਵਿੱਚ ਫਰਜ਼ੀ ਕੰਪਨੀ ਬਣਾ ਕੇ ਚਲਾ ਰਹੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 12 ਲੈਪਟਾਪ, 14 ਮੋਬਾਈਲ ਫੋਨ ਅਤੇ ਇੱਕ ਨਵੀਂ ਸਕਾਰਪੀਓ ਮਿਲੀ ਹੈ।
ਇਸ ਸਾਰੇ ਅੱਠ ਲੋਕ ਆਪਣੇ ਆਪ ਨੂੰ ਮਾਲੀਆ ਵਿਭਾਗ ਦਾ ਅਧਿਕਾਰੀ ਦੱਸਦੇ ਸਨ ਅਤੇ ਫਿਰ ਲੋਕਾਂ ਨਾਲ ਠੱਗੀ ਮਾਰਦੇ ਸਨ, ਉੱਥੇ ਹੀ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਘੱਟੋ-ਘੱਟ ਇਨ੍ਹਾਂ ਵਲੋਂ 30 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਅਤੇ ਇਸ ਅੱਠ ਲੋਕ ਜੰਮੂ-ਕਸ਼ਮੀਰ, ਮੁੰਬਈ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਹਨ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।
ਇਦਾਂ ਮਾਰਦੇ ਸੀ ਲੋਕਾਂ ਨਾਲ ਠੱਗੀ
ਪਹਿਲਾਂ ਆਹ ਲੋਕ ਡਾਟਾ ਇਕੱਠਾ ਕਰਕੇ ਬਲਾਕ ਵਿੱਚ ਮੈਸੇਜ ਭੇਜਦੇ ਸਨ, ਫਿਰ ਲੋਕਾਂ ਨੂੰ ਦੱਸਦੇ ਸਨ ਕਿ ਉਨ੍ਹਾਂ ਦੇ ਖਾਤੇ ‘ਚੋਂ ਬਿਟਕਾਇਨ ਖਰੀਦਿਆ ਗਿਆ ਹੈ ਅਤੇ ਇਸ ਬਿਟਕਾਇਨ ਦੀ ਗਲਤ ਵਰਤੋਂ ਹੋ ਸਕਦੀ ਹੈ, ਇਸ ਨੂੰ ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਵਿੱਚ ਵਰਤਿਆ ਜਾ ਸਕਦਾ ਹੈ। ਇਹ ਸਾਰੇ ਆਪਣੇ ਆਪ ਨੂੰ ਮਾਲੀਆ ਵਿਭਾਗ ਦਾ ਅਧਿਕਾਰੀ ਦੱਸਦੇ ਸਨ, ਇਸ ਤਹਿਤ ਲੋਕਾਂ ਨੂੰ ਕਹਿੰਦੇ ਸਨ ਕਿ ਤੁਸੀਂ ਇਸ ਬਿਟਕਾਇਨ ਨੂੰ ਕਿਸੇ ਗਿਫਟ ਜਾਂ ਹੋਰ ਚੀਜ਼ ਵਿੱਚ ਬਦਲ ਲੈਣਗੇ ਤਾਂ ਉਹ ਆਸਾਨੀ ਨਾਲ ਬਚ ਜਾਣਗੇ। ਇਦਾਂ ਹੀ ਫਿਰ ਹੌਲੀ-ਹੌਲੀ ਉਨ੍ਹਾਂ ਤੋਂ ਸਾਰੀ ਜਾਣਕਾਰੀ ਲੈਂਦੇ ਅਤੇ ਇਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੈਪਟਾਪ ਤੋਂ ਬਹੁਤ ਸਾਰਾ ਡਾਟਾ ਮਿਲਿਆ ਹੈ। ਪਤਾ ਲੱਗਿਆ ਹੈ ਕਿ ਉਹ ਨਕਦੀ ਵਿੱਚ ਤਨਖਾਹ ਦਿੰਦੇ ਸੀ। ਉਹ ਅੰਤਰਰਾਸ਼ਟਰੀ ਕਾਲਾਂ ਕਰਦੇ ਸਨ। ਇਸ ਤੋਂ ਇਲਾਵਾ ਪੁਲਿਸ ਨੂੰ ਕਈ ਇਨਪੁਟ ਮਿਲੇ ਹਨ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੁਹਾਲੀ ਪੁਲਿਸ ਨੇ 100 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼ ਕੀਤਾ ਸੀ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪਰ ਬਾਅਦ ਵਿੱਚ ਸਾਰਿਆਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਗਈ।