ਨਾਭਾ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਅਸੀਂ ਜੱਦੀ ਜੁੜੇ ਹੋਏ ਹਾਂ, ਜੇਕਰ ਪਟਿਆਲਾ ਲੋਕ ਸਭਾ ਸੀਟ ਤੋਂ ਪਾਰਟੀ ਹਾਈਕਮਾਂਡ ਮੈਨੂੰ ਟਿਕਟ ਦੇਵੇਗੀ ਤਾਂ ਮੈਂ ਜਰੂਰ ਲੜਾਂਗਾ। ਕਿਸਾਨੀ ਅੰਦੋਲਨ ਤੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਜਦੋਂ ਮੈਂ ਖੇਤੀਬਾੜੀ ਮੰਤਰੀ ਸੀ ਤਾਂ ਉਦੋਂ ਵੀ ਮੈਂ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਸੀ।
ਉਸ ਵੇਲੇ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੇ 407 ਕਿਸਾਨਾਂ ਨੇ ਸ਼ਹਾਦਤ ਦਿੱਤੀਆਂ ਅਤੇ ਦੇਸ਼ ਵਿੱਚ 700 ਕਿਸਾਨ ਸ਼ਹੀਦ ਹੋਏ। ਉਸ ਵੇਲੇ ਕਾਂਗਰਸ ਸਰਕਾਰ ਨੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਵੀ ਮੁਹਈਆ ਕਰਵਾਈ। ਕਾਕਾ ਰਣਦੀਪ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਕਿ ਕਿਸਾਨਾਂ ‘ਤੇ ਇਨਾ ਜ਼ੁਰਮ ਨਾ ਢਾਓ, ਜੇਕਰ ਕਿਸਾਨਾਂ ਉੱਤੇ ਇਨਾ ਜ਼ੁਰਮ ਕਰੋਗੇ ਤਾਂ ਇਹ ਜਮਹੂਰੀਅਤ ਦਾ ਘਾਣ ਹੈ।
ਕਿਸਾਨਾਂ ‘ਤੇ ਇਸ ਤਰ੍ਹਾਂ ਜ਼ੁਰਮ ਢਾਹਿਆ ਜਾ ਰਿਹਾ ਹੈ, ਜਿਵੇਂ ਉਹ ਦੇਸ਼ ਦੇ ਵਾਸੀ ਹੀ ਨਹੀਂ ਹਨ। ਕਾਕਾ ਰਣਦੀਪ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖਾੜਗੇ ਵਲੋਂ ਕਿਹਾ ਗਿਆ ਹੈ ਕਿ ਜੇਕਰ ਭਾਰਤ ਵਿੱਚ ਕਾਂਗਰਸੀ ਸਰਕਾਰ ਆਉਂਦੀ ਹੈ ਤਾਂ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਇਆ ਜਾਵੇਗਾ।
ਕਾਕਾ ਰਣਦੀਪ ਨੇ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਦਾ ਦਿਹਾੜਾ ਅਸੀਂ ਦੇਸ਼ ਦੀ ਆਜ਼ਾਦੀ ਦੇ ਤੌਰ ‘ਤੇ ਮਨਾਉਂਦੇ ਹਾਂ ਪਰ ਬਾਡਰਾਂ ‘ਤੇ ਕਿਸਾਨਾਂ ਨਾਲ ਜੋ ਅੱਤਿਆਚਾਰ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ, ਉਸ ਨੂੰ ਵੇਖ ਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਅਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ‘ਤੇ ਬੋਲਦਿਆਂ ਕਾਕਾ ਰਣਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਪਾਸੇ ਤਾਂ ਤਿੰਨ ਕਾਲੇ ਕਾਨੂੰਨ ਕਿਸਾਨਾਂ ਉੱਤੇ ਥੋਪੇ ਗਏ ਅਤੇ ਦੂਜੇ ਪਾਸੇ ਜੇਕਰ ਬੀਜੇਪੀ ਅਤੇ ਅਕਾਲੀ ਦਲ ਦਾ ਗਠਜੋੜ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਅਕਾਲੀ ਦਲ ਨੂੰ ਘਾਟਾ ਪਵੇਗਾ।
ਕਿਉਂਕਿ ਕਿਸਾਨਾਂ ਵੱਲੋਂ ਪਹਿਲਾ ਤਾਂ ਅਕਾਲੀ ਦਲ ਨੂੰ ਵੋਟਾਂ ਦਿੱਤੀਆਂ ਸਨ ਪਰ ਹੁਣ ਗਠਜੋੜ ਦਰਮਿਆਨ ਅਕਾਲੀ ਦਲ ਨੂੰ ਕਿਸਾਨ ਵੋਟਾਂ ਨਹੀਂ ਪਾਉਣਗੇ। ਅਕਾਲੀ ਦਲ ਨੂੰ ਸੋਚ ਸਮਝ ਕੇ ਗਠਜੋੜ ਕਰਨਾ ਚਾਹੀਦਾ ਹੈ।
ਕਾਕਾ ਰਣਦੀਪ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਮੀਡੀਆ ਕਰਮੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਕੇਂਦਰ ਸਰਕਾਰ ਨੂੰ ਆਪਣਾ ਰਵਈਆ ਛੱਡ ਕੇ ਕਿਸਾਨਾਂ ਦੀਆਂ ਮੰਗਾ ਵੱਲ ਧਿਆਨ ਦੇਣਾ ਚਾਹੀਦਾ ਅਤੇ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।