ਗੁਰਦਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਬੁੱਧਵਾਰ ਨੂੰ ਹੰਸ ਫਾਊਂਡੇਸ਼ਨ ਦੇਹਰਾਦੂਨ ਦੇ ਸਹਿਯੋਗ ਨਾਲ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਅੱਠ ਅਤਿ-ਆਧੁਨਿਕ ਡਾਇਲਸਿਸ ਸੈਂਟਰਾਂ ਦਾ ਉਦਘਾਟਨ ਕੀਤਾ।
ਰਾਜ ਸਿਹਤ ਮੰਤਰੀ ਨੇ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਇਸ ਸੁਵਿਧਾ ਦਾ ਉਦਘਾਟਨ ਕੀਤਾ, ਜਦਕਿ ਇਸ ਦੇ ਨਾਲ ਹੀ ਅੰਮ੍ਰਿਤਸਰ, ਮਲੇਰਕੋਟਲਾ, ਮੋਗਾ, ਗੋਨਿਆਣਾ, ਫਾਜ਼ਿਲਕਾ, ਫਰੀਦਕੋਟ ਅਤੇ ਜਲੰਧਰ ਸਮੇਤ ਸੱਤ ਹੋਰ ਸ਼ਹਿਰਾਂ ਵਿੱਚ ਕੇਂਦਰਾਂ ਦੀ ਸ਼ੁਰੂਆਤ ਕੀਤੀ।
27 ਫਰਵਰੀ, 2024 ਨੂੰ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਡਾਇਲਸਿਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ: ਰੁਪਿੰਦਰ ਸਿੰਘ ਗਿੱਲ ਅਤੇ ਹੰਸ ਫਾਊਂਡੇਸ਼ਨ ਦੇ ਗਰੁੱਪ ਸੀਨੀਅਰ ਮੈਨੇਜਰ ਸੀਮਾ ਸਿੰਘ ਵਿਚਕਾਰ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ। ਫਾਊਂਡੇਸ਼ਨ ਵਿਭਾਗ ਨੂੰ ਸਿਖਲਾਈ ਪ੍ਰਾਪਤ ਮੈਡੀਕਲ ਅਫ਼ਸਰ ਅਤੇ ਹੋਰ ਸਟਾਫ਼, ਖਪਤਕਾਰ, ਡਾਇਲਸਿਸ ਮਸ਼ੀਨਾਂ ਅਤੇ ਆਰ.ਓ ਪਲਾਂਟ ਮੁਹੱਈਆ ਕਰਵਾਏਗੀ ਅਤੇ ਇਨ੍ਹਾਂ ਕੇਂਦਰਾਂ ਦੇ ਕੰਮਕਾਜ ਦੀ ਨਿਗਰਾਨੀ ਕਰੇਗੀ।