ਸਿੱਖ ਵਿਦਿਆਰਥੀ ਨੂੰ ਦਾੜ੍ਹੀ ਕਟਵਾਏ ਬਿਨਾਂ ਸਰਜਰੀ ਕਲਾਸ ‘ਚ ਜਾਣ ਤੋਂ ਰੋਕਿਆ, ਹਰਸਿਮਰਤ ਬਾਦਲ ਨੇ ਚੁੱਕਿਆ ਮੁੱਦਾ,

0
276
ਸਿੱਖ ਵਿਦਿਆਰਥੀ ਨੂੰ ਦਾੜ੍ਹੀ ਕਟਵਾਏ ਬਿਨਾਂ ਸਰਜਰੀ ਕਲਾਸ 'ਚ ਜਾਣ ਤੋਂ ਰੋਕਿਆ, ਹਰਸਿਮਰਤ ਬਾਦਲ ਨੇ ਚੁੱਕਿਆ ਮੁੱਦਾ,

ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪੰਜਾਬ ਤੋਂ ਉਜ਼ਬੇਕਿਸਤਾਨ ਪੜ੍ਹਨ ਗਏ ਸਿੱਖ ਵਿਦਿਆਰਥੀ ਨੂੰ ਉੱਥੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਦਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ ਹੈ।

ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਤਲਵੰਡੀ ਸਾਬੋ ਤੋਂ ਇੱਕ ਸਿੱਖ ਵਿਦਿਆਰਥੀ ਹਰਸ਼ਦੀਪ ਸਿੰਘ ਜੋ ਉਜ਼ਬੇਕਿਸਤਾਨ (Uzbekistan ) ਵਿੱਚ ਪੜ੍ਹ ਰਿਹਾ ਹੈ, ਨੇ ਮੈਨੂੰ ਸੂਚਿਤ ਕੀਤਾ ਹੈ ਕਿ ਤਾਸ਼ਕੰਦ ਮੈਡੀਕਲ ਅਕੈਡਮੀ (Tashkent Medical Academy) ਨੇ ਉਸਨੂੰ ਸਰਜਰੀ ਕਲਾਸ ਵਿੱਚ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਸਨੇ ਆਪਣੀ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਵਿਦਿਆਰਥੀ ਨੇ ਆਪਣੇ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਰੋਕਣ ਲਈ ਘੱਟ ਗਿਣਤੀ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਹੈ। ਮੈਂ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕਰਦੀ ਹਾਂ ਕਿ ਉਜ਼ਬੇਕਿਸਤਾਨ ਸਰਕਾਰ ਨਾਲ ਵਿਚੋਲਗੀ ਕਰਨ ਤੇ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ ਤੇ ਹਰਸ਼ਦੀਪ ਨੂੰ ਪੀੜਤ ਨਾ ਬਣਾਇਆ ਜਾਵੇ।

ਜ਼ਿਕਰ ਕਰ ਦਈਏ ਕਿ ਤਾਸ਼ਕੰਦ ਮੈਡੀਕਲ ਅਕੈਡਮੀ ਉਜ਼ਬੇਕਿਸਤਾਨ ਵਿੱਚ ਇੱਕ ਗ਼ੈਰ-ਮੁਨਾਫ਼ਾ ਮੈਡੀਕਲ ਯੂਨੀਵਰਸਿਟੀ ਹੈ। ਇਹ ਸਭ ਤੋਂ ਪੁਰਾਣੀ ਮੈਡੀਕਲ ਸੰਸਥਾਵਾਂ ਵਿੱਚੋਂ ਇੱਕ ਹੈ, ਇਹ 1920 ਵਿੱਚ ਮੈਡੀਸਨ ਫੈਕਲਟੀ ਵਜੋਂ ਸਥਾਪਿਤ ਕੀਤੀ ਗਈ ਸੀ। 2005 ਵਿੱਚ ਸੰਸਥਾ ਦਾ ਨਾਮ ਤਾਸ਼ਕੰਦ ਮੈਡੀਕਲ ਅਕੈਡਮੀ ਰੱਖਿਆ ਗਿਆ ਸੀ। ਇਹ ਉਜ਼ਬੇਕਿਸਤਾਨ ਵਿੱਚ ਡਾਕਟਰੀ ਸਿੱਖਿਆ ਲਈ ਇੱਕ ਪ੍ਰਮੁੱਖ ਮੰਜ਼ਿਲ ਹੈ। ਤਾਸ਼ਕੰਦ ਮੈਡੀਕਲ ਅਕੈਡਮੀ (TMA) ਤਾਸ਼ਕੰਦ ਸ਼ਹਿਰ, ਉਜ਼ਬੇਕਿਸਤਾਨ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 6,500 ਤੋਂ ਵੱਧ ਮੈਡੀਕਲ ਵਿਦਿਆਰਥੀ ਹਨ। ਤਾਸ਼ਕੰਦ ਮੈਡੀਕਲ ਅਕੈਡਮੀ ਵਿੱਚ ਲਗਭਗ 5,500 ਅੰਡਰ ਗ੍ਰੈਜੂਏਟ ਅਤੇ 1,000 ਤੋਂ ਵੱਧ ਪੋਸਟ ਗ੍ਰੈਜੂਏਟ ਵਿਦਿਆਰਥੀ ਹਨ।

 

LEAVE A REPLY

Please enter your comment!
Please enter your name here