ਪੰਜਾਬ ਦੀ ਰਾਜਨੀਤੀ ਦੇ ਇੱਕ ਉੱਘੇ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਹੁਣ ਨਹੀਂ ਰਹੇ। ਰਾਜਨੀਤੀ ਦੇ ਬਾਬਾ ਬੋਹੜ, ਸਾਬਕਾ ਕੇਂਦਰੀ ਮੰਤਰੀ, ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋ ਗਿਆ ਹੈ। ਉਹ 90 ਸਾਲ ਦੇ ਸਨ। ਢੀਂਡਸਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਉੱਥੇ ਆਖਰੀ ਸਾਹ ਲਿਆ ਇਸ ਤੋਂ ਬਾਅਦ ਸਿਆਸੀ ਲੀਡਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੁਖਦੇਵ ਸਿੰਘ ਜੀ ਢੀਂਡਸਾ ਸਾਬ੍ਹ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦਿਲ ਨੂੰ ਗਹਿਰਾ ਦੁੱਖ ਹੋਇਆ। ਢੀਂਡਸਾ ਸਾਬ੍ਹ ਨੇ ਇੱਕ ਲੰਬਾ ਅਰਸਾ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਪੰਜਾਬ ਅਤੇ ਕੌਮ ਦੀ ਸੇਵਾ ਕੀਤੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਮੈਂ ਨਿੱਜੀ ਤੌਰ ਉੱਤੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ।
ਰਾਜਾ ਵੜਿੰਗ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਅਸੀਂ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇੱਕ ਮਹਾਨ ਆਗੂ ਨੂੰ ਗੁਆ ਦਿੱਤਾ ਹੈ।
ਉਨ੍ਹਾਂ ਨੇ ਕੇਂਦਰੀ ਮੰਤਰੀ ਵਜੋਂ ਸੇਵਾ ਕਰਨ ਤੋਂ ਇਲਾਵਾ ਰਾਜ ਅਤੇ ਰਾਸ਼ਟਰੀ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਅਤੇ ਸਕਾਰਾਤਮਕ ਯੋਗਦਾਨ ਪਾਇਆ। ਉਹ ਸ਼ਾਇਦ ਰਾਜ ਦੇ ਆਖਰੀ ਮਹਾਨ ਪ੍ਰਤੀਕਾਂ ਵਿੱਚੋਂ ਇੱਕ ਸਨ ਜੋ ਪੰਜਾਬ ਦੇ ਘਟਨਾਪੂਰਨ ਇਤਿਹਾਸ ਦੇ ਗਵਾਹ ਸਨ। ਉਨ੍ਹਾਂ ਦੇ ਜਾਣ ਨਾਲ ਪਏ ਘਾਟੇ ਨੂੰ ਭਰਨਾ ਪੰਜਾਬ ਲਈ ਬੇਹੱਦ ਮੁਸ਼ਕਲ ਹੋਵੇਗਾ। ਪਰਮਾਤਮਾ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।