ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਪੰਜਾਬ ਕਲਾ ਭਵਨ, ਚੰਡੀਗੜ ਵਿਖੇ ਹੋਏ ਇੱਕ ਸਮਾਗਮ ਦੌਰਾਨ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਸਮਰਪਿਤ ਗੀਤ ਅਤੇ ਵੀਡੀਓ “ਕਿਤੇ ਤੁਰ ਗਿਆ ਯਾਰਾ” ਰਿਲੀਜ਼ ਕੀਤਾ। ਹਰਪ੍ਰੀਤ ਸੇਖੋਂ ਦੁਆਰਾ ਲਿਖੇ ਇਸ ਗੀਤ ਵਿੱਚ ਪਦਮਸ਼੍ਰੀ ਪ੍ਰਾਪਤਕਰਤਾ ਹੰਸ ਰਾਜ ਹੰਸ ਦੀ ਆਵਾਜ਼ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਦੱਸਿਆ ਕਿ ਮਰਹੂਮ ਸੁਰਿੰਦਰ ਸ਼ਿੰਦਾ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਸਦੇ ਗੀਤਾਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਦੁਨੀਆ ਭਰ ਦੇ ਸਰੋਤਿਆਂ ਵਿੱਚ ਡੂੰਘਾਈ ਨਾਲ ਗੂੰਜਿਆ।
ਕੈਬਨਿਟ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੁਰਿੰਦਰ ਸ਼ਿੰਦਾ ਨੇ ਆਪਣੇ ਸੰਗੀਤ ਰਾਹੀਂ ਅਜੋਕੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਮਰਹੂਮ ਗਾਇਕ ਨੂੰ ਸਮਰਪਿਤ ਗੀਤ ਲਿਖਣ ਲਈ ਹਰਪ੍ਰੀਤ ਸੇਖੋਂ ਦੀ ਸ਼ਲਾਘਾ ਕੀਤੀ।
ਬਾਬੂ ਸਿੰਘ ਮਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਵੇਂ ਸੁਰਿੰਦਰ ਸ਼ਿੰਦਾ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼ ਸਾਡੇ ਦਿਲਾਂ ਵਿੱਚ ਸਦਾ ਗੂੰਜਦੀ ਰਹੇਗੀ।
ਸੁਰਿੰਦਰ ਸ਼ਿੰਦਾ ਨੂੰ ਸਮਰਪਿਤ ”ਕਿੱਤੇ ਤੁਰ ਗਿਆ ਯਾਰਾ” ਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਮਰਹੂਮ ਗਾਇਕ ਨਾਲ ਉਨ੍ਹਾਂ ਦਾ ਬਹੁਤ ਗੂੜ੍ਹਾ ਰਿਸ਼ਤਾ ਸੀ। ਉਨ੍ਹਾਂ ਦੇ ਗੁਜ਼ਰਨ ਤੋਂ ਇਕ ਸਾਲ ਬਾਅਦ ਵੀ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸੁਰਿੰਦਰ ਸ਼ਿੰਦਾ ਅੱਜ ਵੀ ਸਾਡੇ ਨਾਲ ਹੈ।