ਪਾਕਿਸਤਾਨੀ ਸੈਨਾ ਵਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਸਬੰਧੀ ਭਾਰਤੀ ਸੈਨਾ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਫੌਜ ਦੇ ਇਕ ਬੁਲਾਰੇ ਵਲੋਂ ਬੀਤੇ ਦਿਨੀਂ ਭਾਰਤ-ਪਾਕਿਸਤਾਨ ਵਲੋਂ ਇਕ ਦੂਜੇ ਦੇਸ਼ਾਂ ਉਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਦੌਰਾਨ ਪਾਕਿਸਤਾਨ ਸੈਨਾ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਨਸ਼ਟ ਕਰ ਦਿੱਤੇ ਜਾਣ ਦੇ ਕੀਤੇ ਦਾਅਵੇ ਨੂੰ ਖਾਰਿਜ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਰਬੱਤ ਤੇ ਭਲੇ ਦਾ ਸੰਦੇਸ਼ ਦੇਣ ਵਾਲੇ ਇਸ ਪਾਵਨ ਅਸਥਾਨ ਉਤੇ ਸੈਨਾ ਦਾ ਕੋਈ ਜਰਨੈਲ ਮਿਜ਼ਾਈਲ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ।
ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਅਸੀਂ ਭਾਰਤੀ ਸੈਨਾ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ। 1965 – 71 ਦੀ ਜੰਗ ‘ਚ ਵੀ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀ ਕੋਈ ਕੋਸ਼ਿਸ਼ ਨਹੀਂ ਹੋਈ ਸੀ। ਸਦੀਆਂ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਦਾ ਸਰਵਨਾਸ਼ ਹੋਇਆ ਹੈ।