ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਅਤੇ ਭੀਖੀ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੀ ਗ੍ਰਾਂਟ ਵੰਡੀਆਂ ਅਤੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਹਰਸਿਮਰਤ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਤਰੱਕੀ ਲਈ ਕੋਈ ਵੀ ਰਕਮ ਜਾਰੀ ਨਹੀਂ ਕੀਤੀ ਗਈ।
ਉਨ੍ਹਾਂ ਨੇ ਲੁਧਿਆਣਾ ਜ਼ਿਮਣੀ ਚੋਣ ਵਿਚ ਖੜੇ ਆਪ ਦੇ ਉਮੀਦਵਾਰ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਵੀ ਨਹੀਂ ਪਤਾ। ਸੰਸਦ ਮੈਂਬਰ ਨੇ ਦੋਸ਼ ਲਗਾਇਆ ਕਿ ਪਹਿਲਾਂ ਕਰੋੜਾਂ ਰੁਪਏ ਲੈ ਕੇ ਕੁਝ ਲੋਕਾਂ ਨੂੰ ਪੰਜਾਬ ਤੋਂ ਰਾਜ ਸਭਾ ਭੇਜਿਆ ਗਿਆ। ਹੁਣ ਦਿੱਲੀ ’ਚ ਹਾਰੇ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਲਈ ਲੁਧਿਆਣਾ ਜ਼ਿਮਣੀ ਚੋਣ ’ਚ ਇਕ ਰਾਜ ਸਭਾ ਮੈਂਬਰ ਨੂੰ ਉਮੀਦਵਾਰ ਬਣਾਇਆ ਗਿਆ, ਤਾਂ ਜੋ ਸੀਟ ਖਾਲੀ ਹੋ ਸਕੇ।
ਸੂਬਾ ਸਰਕਾਰ ਨੇ ਦੋ ਮਹੀਨਿਆਂ ਚ ਲੈ ਲਿਆ 11,200 ਕਰੋੜ ਰੁਪਏ ਦਾ ਕਰਜ਼ਾ
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ਼ ਦੋ ਮਹੀਨੇ ਵਿੱਚ 11,200 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਦੇ ਹਰ ਵਰਗ ’ਤੇ ਵਾਧੂ ਭਾਰ ਪਾ ਦਿੱਤਾ ਹੈ। ਇਸ ਕਾਰਨ ਪੰਜਾਬ ਦਾ ਹਰ ਇਕ ਨਾਗਰਿਕ ਕਰਜ਼ੇ ’ਚ ਡੁੱਬ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜਾਨਾ ਇਥੋਂ ਦੇ ਲੋਕਾਂ ਲਈ ਹੋਣਾ ਚਾਹੀਦਾ ਹੈ, ਨਾ ਕਿ ਦਿੱਲੀ ਦੇ ਲੋਕਾਂ ਲਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਆਪਣੀ ਖੇਤਰੀ ਜਥੇਬੰਦੀ ਦਾ ਸਾਥ ਦੇਣ।