ਮੋਗਾ ਦੇ ਪਿੰਡ ਮਾਹਲਾ ਖੁਰਦ ਦੇ 33 ਸਾਲਾ ਨੌਜਵਾਨ ਜਸਵਿੰਦਰ ਸਿੰਘ ਦੀ ਮਨੀਲਾ (ਫਿਲੀਪੀਨਜ਼) ਵਿੱਚ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਸਵਿੰਦਰ ਸਿੰਘ ਪਿਛਲੇ 9 ਸਾਲਾਂ ਤੋਂ ਮਨੀਲਾ ਵਿੱਚ ਫਾਈਨੈਂਸ ਦਾ ਕੰਮ ਕਰ ਰਿਹਾ ਸੀ। ਉਹ ਇੱਕ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸੀ ਜਿਸ ਨੇ ਵਿਦੇਸ਼ ਜਾ ਕੇ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਵਿੱਚ ਸੁਧਾਰ ਕੀਤਾ ਸੀ।
ਮ੍ਰਿਤਕ ਦੇ ਪਰਿਵਾਰ ਅਨੁਸਾਰ, ਜਸਵਿੰਦਰ ਸਿੰਘ ਨੇ 2 ਸਾਲ ਪਹਿਲਾਂ ਪਿੰਡ ਵਿੱਚ ਇੱਕ ਆਲੀਸ਼ਾਨ ਕੋਠੀ ਬਣਾਈ ਸੀ ਅਤੇ ਦੋ ਫਾਰਚੂਨਰ ਕਾਰਾਂ, ਇੱਕ ਮੋਟਰਸਾਈਕਲ ਵੀ ਖਰੀਦਿਆ ਸੀ ਅਤੇ ਮਨੀਲਾ ਵਿੱਚ ਆਪਣਾ ਘਰ ਬਣਾਇਆ ਸੀ। ਜਸਵਿੰਦਰ ਸਿੰਘ ਨੇ ਇਸ ਸਾਲ 9 ਫਰਵਰੀ ਨੂੰ ਗਗਨਦੀਪ ਕੌਰ ਨਾਲ ਵਿਆਹ ਕੀਤਾ ਸੀ। ਵਿਆਹ ਪਿੰਡ ਵਿੱਚ ਹੀ ਹੋਇਆ ਸੀ ਅਤੇ ਉਹ 4 ਮਾਰਚ ਨੂੰ ਮਨੀਲਾ ਵਾਪਸ ਆ ਗਿਆ ਸੀ। ਉਸ ਦੀ ਪਤਨੀ ਦੇ ਹੱਥੋਂ ਹਾਲੇ ਲਾਲ ਚੂੜਾ ਵੀ ਨਹੀਂ ਉਤਰਿਆ ਸੀ ਕਿ ਉਸ ਤੋਂ ਪਹਿਲਾਂ ਹੀ ਉਸ ਦੀ ਦੁਨੀਆ ਉਜੜ ਗਈ।
ਜਸਵਿੰਦਰ ਦੇ ਚਚੇਰੇ ਭਰਾ ਲਖਬੀਰ ਸਿੰਘ, ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ, ਨੂੰ ਇਸ ਘਟਨਾ ਬਾਰੇ ਸਭ ਤੋਂ ਪਹਿਲਾਂ ਪਤਾ ਲੱਗਿਆ। ਉਸ ਨੂੰ ਮੰਗਲਵਾਰ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਪਤਾ ਲੱਗਿਆ ਕਿ ਜਸਵਿੰਦਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਸੂਚਨਾ ਮਿਲਦਿਆਂ ਹੀ ਲਖਬੀਰ ਸਿੰਘ ਨੇ ਪਿੰਡ ਦੇ ਪਰਿਵਾਰ ਨੂੰ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਕਾਰਨ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਸਵਿੰਦਰ ਦੀ ਨਵੀਂ ਵਿਆਹੀ ਪਤਨੀ ਗਗਨਦੀਪ ਕੌਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।