ਹੁਸ਼ਿਆਰਪੁਰ ‘ਚ ਧੁੰਦ ਇੱਕ ਨੌਜਵਾਨ ਦੀ ਜਾਨ ‘ਤੇ ਕਹਿਰ ਬਣ ਕੇ ਡਿੱਗੀ ਹੈ। ਚਿੰਤਪੂਰਨੀ ਮਾਰਗ ‘ਤੇ ਵਾਪਰੇ ਹਾਦਸੇ ਵਿੱਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਦਸੇ ਵਿੱਚ ਮ੍ਰਿਤਕ ਨੌਜਵਾਨ ਦੀ ਗਰਦਨ ਸਰੀਰ ਨਾਲੋਂ ਵੱਖ ਹੋ ਗਈ ਸੀ।
ਹਾਦਸਾ ਵਾਪਰਨ ਪਿੱਛੇ ਧੁੰਦ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਜਿਸ ਨੂੰ ਕਿਸੇ ਅਣਪਛਾਣੇ ਵਾਹਨ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਅਜੇ ਕੁਮਾਰ ਪੁੱਤਰ ਮੋਹਨ ਲਾਲ ਅੱਜ ਸਵੇਰੇ ਕਿਸੇ ਕੰਮ ਲਈ ਸ਼ਹਿਰ ਗਿਆ ਸੀ ਅਤੇ ਜਦੋਂ ਉਹ ਆਦਾਬਾਵਾ ਦੇ ਸਾਹਮਣੇ ਵਾਪਸ ਆਇਆ ਤਾਂ ਅਣਪਛਾਤੇ ਵਾਹਨ ਨੇ ਟਕਰਾ ਮਾਰ ਦਿੱਤੀ। ਨਤੀਜੇ ਵੱਜੋਂ ਮੌਕੇ ‘ਤੇ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਚੱਲਿਆ ਹੈ, ਜਿਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਚਿੰਤਪੂਰਨੀ ਰੋਡ ‘ਤੇ ਹੀ ਇੱਕ ਹਾਦਸੇ ਵਿੱਚ ਇੱਕ ਬੱਸ ਦੀ ਟੱਕਰ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਸੀ।