ਸਿੱਖਾਂ ਦਾ ਕੌਮੀ ਤਿਓਹਾਰ ਹੋਲਾ ਮਹੱਲਾ ਮਹੱਲਾ 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਦੋ ਪੜਾਵਾਂ ਵਿੱਚ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਿਵਿਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਬੰਧਾਂ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ ਹੈ।
ਇਸ ਸਬੰਧੀ ਰੂਪਨਗਰ ਰੇਂਜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਗੁਰਨੀਤ ਸਿੰਘ ਖੁਰਾਨਾ ਐਸ.ਡੀ.ਐਮ ਜਸਪ੍ਰੀਤ ਸਿੰਘ ਅਤੇ ਜ਼ਿਲ੍ਹੇ ਦੇ ਹੋਰ ਉੱਚ ਪੁਲਿਸ ਅਧਿਕਾਰੀਆਂ ਨਾਲ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹੋਲਾ ਮਹੱਲਾ ਡਿਊਟੀਆਂ ਸਬੰਧੀ ਨਿਰਦੇਸ਼ ਦਿੱਤੇ ਗਏ।
ਪੱਤਰਕਾਰਾਂ ਨਾਲ ਗੱਲ ਕਰਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਮੌਕੇ 4000 ਪੁਲਿਸ ਜਵਾਨ ਤੇ 50 ਗਜਟਡ ਅਫਸਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਟਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਲਈ ਡਿਊਟੀ ਤੇ ਤੈਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 31 ਨਿਰਧਾਰਤ ਥਾਵਾਂ ਤੇ 122 ਸੀਸੀਟੀਵੀ ਕੈਮਰੇ ਲਗਾ ਕੇ ਪੂਰੇ ਮੇਲਾ ਖੇਤਰ ਤੇ ਬਾਜ ਅੱਖ ਰੱਖੀ ਜਾਵੇਗੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਮਰਿਆਦਾ ਵਿੱਚ ਰਹਿ ਕੇ ਹੋਲਾ ਮਹੱਲਾ ਦੌਰਾਨ ਗੁਰੂ ਘਰਾਂ ‘ਚ ਨਤਮਸਤਕ ਹੋਣ।
ਉਹਨਾਂ ਕਿਹਾ ਕਿ ਮੋਟਰਸਾਈਕਲਾਂ ਦੇ ਸਾਈਲੈਂਸਰ ਖੋਲ ਕੇ ਤੇ ਟਰੈਕਟਰ ਟਰਾਲੀਆਂ ਤੇ ਉੱਚੀ ਆਵਾਜ਼ ਚ ਡੀਜੇ ਲਗਾ ਕੇ ਆਉਣ ਵਾਲੇ ਲੋਕਾਂ ਤੇ ਸਖਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹੋਲਾ ਮਹੱਲਾ ਦੌਰਾਨ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਬਦਲਵੇ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਸਬੰਧੀ ਸੰਗਤਾਂ ਨੂੰ ਮੀਡੀਆ ਰਾਹੀਂ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਉਹਨਾਂ ਵੱਲੋਂ ਸਥਾਨਕ ਤਾਜ ਹੋਟਲ ਵਿਖੇ ਪੁਲਿਸ ਪਬਲਿਕ ਮੀਟਿੰਗ ਕਰਕੇ ਲੋਕਾਂ ਵੱਲੋਂ ਹੋਲਾ ਮਹੱਲਾ ਸਬੰਧੀ ਅਤੇ ਹੋਰ ਸਥਾਨਕ ਸਮੱਸਿਆਵਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਵੀ ਮੰਗੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ ਰਾਜਪਾਲ ਸਿੰਘ, ਐਸ.ਪੀ ਡੀ ਰੁਪਿੰਦਰ ਕੌਰ ਸਰਾਂ, ਐਸਪੀ ਨਵਨੀਤ ਸਿੰਘ ਮਾਹਲ, ਡੀਐਸਪੀ ਅਜੇ ਸਿੰਘ, ਡੀਐਸਪੀ ਕੁਲਬੀਰ ਸਿੰਘ ਸੰਧੂ, , ਡੀਐਸਪੀ ਜਸ਼ਨ ਸਿੰਘ ਅਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।