ਐਮਐਸਪੀ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ (SKM) ਵੱਲੋਂ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ, ਜਿਸ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਦੇ ਜਿਥੇ ਬਾਰਡਰ ਸੀਲ ਕਰ ਦਿੱਤੇ ਗਏ ਹਨ, ਉਥੇ ਹਰਿਆਣਾ ਵਿੱਚ ਇੰਟਰਨੈਟ ਸੇਵਾਵਾਂ ਵੀ ਬੰਦ ਕੀਤੀਆਂ ਹੋਈਆਂ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕਈ ਹੱਥ-ਕੰਡੇ ਅਪਨਾਏ ਜਾ ਰਹੇ ਹਨ, ਪਰ ਕਿਸਾਨਾਂ ਦਾ ਹੌਸਲਾ ਸਿਖਰਾਂ ‘ਤੇ ਹੈ ਅਤੇ ਮੰਗਾਂ ਲਈ ਡਟੇ ਹੋਏ ਹਨ। ਅਜਿਹਾ ਹੀ ਨਜ਼ਾਰਾ ਉਦੋਂ ਵੇਖਣ ਨੂੰ ਮਿਲਿਆ, ਜਦੋਂ ਇੱਕ ਅਪਾਹਜ ਅੰਦੋਲਨਕਾਰੀ ਕਿਸਾਨ ਧਰਨੇ ‘ਚ ਸ਼ਾਮਲ ਹੋਣ ਲਈ ਪਹੁੰਚਿਆ ਹੋਇਆ ਹੈ। ਅੰਦੋਲਨਕਾਰੀ ਦੀ ਇੱਕ ਲੱਤ ਭਾਵੇਂ ਨਹੀਂ ਹੈ, ਪਰ ਹੌਸਲਾ ਅਤੁੱਟ ਭਰਿਆ ਹੋਇਆ ਹੈ।
ਇਸ ਮੌਕੇ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਭਾਵੇਂ ਉਸ ਕੋਲ ਇੱਕ ਹੀ ਲੱਤ ਹੈ, ਪਰ ਸੰਘਰਸ਼ ਲਈ ਦਿੱਲੀ ਦੂਰ ਨਹੀਂ ਹੈ ਅਤੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਦਿੱਲੀ ਮੋਰਚੇ ਤੋਂ ਵਾਪਸ ਨਹੀਂ ਆਵੇਗਾ। ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਿਸਾਨ ਅੰਦੋਲਨ ਦੌਰਾਨ ਦਿੱਲੀ ‘ਚ 6 ਮਹੀਨੇ ਮੌਜੂਦ ਰਿਹਾ ਸੀ ਅਤੇ ਸੰਘਰਸ਼ ਕੀਤਾ।
ਪਰਿਵਾਰ ਵਿੱਚ ਉਸ ਦੇ 4 ਭਰਾ ਅਤੇ ਇੱਕ ਭੈਣ ਹੈ। ਉਸ ਨੇ ਕਿਹਾ ਕਿ ਉਹ ਹੁਣ ਵੀ ਪਰਿਵਾਰ ਨੂੰ ਇਹ ਕਹਿ ਕੇ ਆਇਆ ਹੈ ਕਿ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਮੁੜਾਂਗਾ, ਨਹੀਂ ਤਾਂ ਨਹੀਂ ਮੁੜਾਂਗਾ। ਉਸ ਨੇ ਕਿਹਾ ਕਿ ਇਹ ਕਿਸਾਨਾਂ ਅਤੇ ਸਰਕਾਰਾਂ ਵਿਚਾਲੇ ਇੱਕ ਜੰਗ ਹੈ, ਜੋ ਕਿ ਉਹ ਜਿੱਤ ਕੇ ਹੀ ਜਾਣਗੇ।