21 ਫਰਵਰੀ ਨੂੰ ਪੰਜਾਬ ਆਉਣਗੇ ਮਮਤਾ, ਮਾਨ ਤੇ ਕੇਜਰੀਵਾਲ ਨਾਲ ਕਰ ਸਕਦੇ ਮੁਲਾਕਾਤ

0
100098
21 ਫਰਵਰੀ ਨੂੰ ਪੰਜਾਬ ਆਉਣਗੇ ਮਮਤਾ, ਮਾਨ ਤੇ ਕੇਜਰੀਵਾਲ ਨਾਲ ਕਰ ਸਕਦੇ ਮੁਲਾਕਾਤ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ 21 ਫਰਵਰੀ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਕੌਮੀ ਖ਼ਬਰਾਂ ਮੁਤਾਬਕ ਮਮਤਾ ਬੈਨਰਜੀ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵੀ ਆ ਸਕਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੀਟਿੰਗ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਕਿ ਇਸ ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ।

ਬਹੁਤ ਮਹੱਤਵਪੂਰਨ ਹੋਵੇਗੀ ਮੁਲਾਕਾਤ

ਪੰਜਾਬ ਵਿੱਚ ਇਹ ਮੀਟਿੰਗ ਬਹੁਤ ਅਹਿਮ ਹੈ। ਮਮਤਾ ਦੇ ਨਾਲ-ਨਾਲ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਪੱਛਮੀ ਬੰਗਾਲ ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕੱਲੇ ਲੜੇਗੀ।

ਇਸੇ ਤਰ੍ਹਾਂ ‘ਆਪ’ ਲੀਡਰਸ਼ਿਪ ਨੇ ਵੀ ਪੰਜਾਬ ਵਿੱਚ ਕਾਂਗਰਸ ਨਾਲ ਸੀਟਾਂ ਦੀ ਵੰਡ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ‘ਚ ਸਿਆਸੀ ਅਬਜ਼ਰਵਰਾਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਬੈਠਕ ਕਾਂਗਰਸ ਅਤੇ ਖੱਬੇ ਮੋਰਚੇ ਨੂੰ ਛੱਡ ਕੇ ਗੈਰ ਰਸਮੀ ਬਦਲ ਫਰੰਟ ਦੀ ਸ਼ੁਰੂਆਤ ਦਾ ਸੰਕੇਤ ਦਿੰਦੀ ਹੈ।

ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ

ਦੱਸਿਆ ਜਾ ਰਿਹਾ ਕਿ ਇਸ ਮੀਟਿੰਗ ਦਾ ਇੱਕ ਮਹੱਤਵਪੂਰਨ ਏਜੰਡਾ ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਸਰਹੱਦਾਂ ‘ਤੇ ਨਵੇਂ ਉਭਰ ਰਹੇ ਕਿਸਾਨੀ ਪ੍ਰਦਰਸ਼ਨ ਬਾਰੇ ਗੱਲਬਾਤ ਹੋ ਸਕਦਾ ਹੈ। ਮਮਤਾ ਪਹਿਲਾਂ ਹੀ ਕਿਸਾਨਾਂ ਦੇ ਵਿਰੋਧ ਨਾਲ ਇਕਮੁੱਠਤਾ ਪ੍ਰਗਟ ਕਰ ਚੁੱਕੀ ਹੈ।

ਮਮਤਾ ਨੇ ਪੰਜਾਬ-ਹਰਿਆਣਾ ਸ਼ੰਭੂ ਸਰਹੱਦ ‘ਤੇ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਨੂੰ ਲੈ ਕੇ ਕੇਂਦਰ ‘ਤੇ ਚੁਟਕੀ ਲਈ ਸੀ।

ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਮਮਤਾ ਬੈਨਰਜੀ ਆਉਣ ਵਾਲੇ ਦਿਨਾਂ ਵਿੱਚ ਹੋਰ ਰਾਜਾਂ ਦਾ ਦੌਰਾ ਕਰਦੀ ਹੈ ਅਤੇ ਹੋਰ ਖੇਤਰੀ ਪਾਰਟੀਆਂ ਦੀ ਉੱਚ ਲੀਡਰਸ਼ਿਪ ਨਾਲ ਮੀਟਿੰਗਾਂ ਕਰਦੀ ਹੈ ਜਾਂ ਨਹੀਂ।

 

LEAVE A REPLY

Please enter your comment!
Please enter your name here