ਲੁਧਿਆਣਾ ਮਹਾਨਗਰ ਵਿੱਚ ਲਗਾਤਾਰ ਡੇਂਗੂ ਦੇ ਮਾਮਲੇ ਵਧਦੇ ਜਾ ਰਹੇ ਹਨ। ਸਿਹਤ ਵਿਭਾਗ ਨੇ ਹਸਪਤਾਲਾਂ ਵਿਚ ਮਰੀਜ਼ਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਨਾਲ ਹੀ ਸਿਹਤ ਵਿਭਾਗ ਨਗਰ ਨਿਗਮ ਦੀਆਂ ਟੀਮਾਂ ਲਗਾਤਾਰ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਵੀ ਕਰ ਰਹੀਆਂ ਹਨ ਕਿ ਕਿਧਰੇ ਸਾਫ ਪਾਣੀ ਜਾਂ ਕਿਧਰੇ ਛੱਤਾਂ ‘ਤੇ ਰੱਖੇ ਟਾਇਰਾਂ ਜਾਂ ਕੋਈ ਕਬਾੜ ਦੇ ਸਮਾਨ ਵਿੱਚ ਪਾਣੀ ਤਾਂ ਨਹੀਂ ਜਮਾ ਹੋ ਰਿਹਾ।
ਕਿਉਂਕਿ ਡੇਂਗੂ ਦਾ ਮੱਛਰ ਹਮੇਸ਼ਾ ਖੜੇ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ, ਜੇ ਉਸ ਸਾਫ ਪਾਣੀ ਵਿੱਚ ਲਾਰਵਾ ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਮਿਲ ਗਿਆ ਤਾਂ ਉਸ ਇਲਾਕੇ ਦੇ ਲੋਕਾਂ ‘ਤੇ ਨਗਰ ਨਿਗਮ ਮੋਟਾ ਜੁਰਮਾਨਾ ਵੀ ਲਾ ਰਹੀ ਹੈ। ਲੁਧਿਆਣਾ ਸਿਵਲ ਸਰਜਨ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ‘ਚ ਕਈ ਇਲਾਕਿਆਂ ਵਿੱਚ ਸਾਫ ਪਾਣੀ ਵਿੱਚ ਲਾਰਵਾ ਮਿਲਣ ਤੋਂ ਬਾਅਦ ਕਈਆਂ ਤੇ ਜ਼ੁਰਮਾਨਾ ਲਗਾ ਕੇ ਕਾਰਵਾਈ ਵੀ ਕੀਤੀ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿ ਕਿਧਰੇ ਵੀ ਸਾਫ ਪਾਣੀ ਛੱਤਾਂ ਤੇ ਘਰਾਂ ਵਿੱਚ ਨਾ ਖੜਾ ਹੋਣ ਦਿਓ। ਸਿਵਲ ਸਰਜਨ ਦਾ ਆਖਣਾ ਹੈ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ 444 ਮਰੀਜ਼ ਡੇਂਗੂ ਦੇ ਪਾਏ ਗਏ ਨੇ ਅਤੇ ਨਾਲ ਹੀ ਇੱਕ ਚਿਕਨਗੁਨੀਆ ਦਾ ਮਰੀਜ਼ ਵੀ ਪਾਇਆ ਗਿਆ। ਡੇਂਗੂ ਦੇ ਨਾਲ ਅਜੇ ਤੱਕ ਲੁਧਿਆਣਾ ਵਿੱਚ 1 ਦੀ ਮੌਤ ਹੋਈ ਹੈ।
ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਤਕਰੀਬਨ 35 ਤੋਂ ਉੱਪਰ ਵਾਰਡਾਂ ਵਿੱਚ ਬੈਡ ਲਾ ਦਿੱਤੇ ਗਏ ਹਨ ਅਤੇ ਸਾਫ ਸਫਾਈ ਦਾ ਪੂਰੀ ਤਰਹਾਂ ਸਿਵਲ ਹਸਪਤਾਲ ਵਿੱਚ ਪ੍ਰਬੰਧ ਕੀਤਾ ਗਿਆ, ਲੁਧਿਆਣਾ ਸਿਵਲ ਹਸਪਤਾਲ ਦੇ ਐਸਐਮਓ ਅਖਿਲ ਸਰੀਨ ਦਾ ਆਖਣਾ ਹੈ ਕਿ, ਵਾਰਡਾਂ ਵਿੱਚ ਮਰੀਜ਼ਾਂ ਦੇ ਲਈ ਖਾਸ ਬੈਡ ਦੇ ਆਲੇ ਦੁਆਲੇ ਨੈੱਟ ਜਾਲੀਆਂ ਲਾਈਆਂ ਗਈਆਂ ਨੇ, ਅਤੇ ਨਾਲ ਹੀ, ਵੈਂਟੀਲੇਟਰ ਦਾ ਵੀ ਹਸਪਤਾਲ ਵਿੱਚ ਪ੍ਰਬੰਧ ਹੈ,ਜੇਕਰ ਮਰੀਜ਼ ਦੇ ਸੈੱਲ ਹੋਰ ਘੱਟਦੇ ਨੇ ਤਾਂ ਹਸਪਤਾਲ ਵਿੱਚ, ਸਪੈਸ਼ਲ ਖੂਨ ਤੋਂ ਸੈਲ ਬਣਾਉਣ ਵਾਲੀ, ਪਲੇਟਲੈਟ ਮਸ਼ੀਨਾਂ ਦਾ ਵੀ ਪ੍ਰਬੰਧ ਹੈ।









