ਪੰਜਾਬ ‘ਚ 2022 ਤੋਂ ਪਹਿਲਾਂ ਦਰਜ 4591 FIRs ਦੀ ਜਾਂਚ ਅਜੇ ਵੀ ਅਧੂਰੀ, ਡੀਜੀਪੀ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ

1
3313

ਪੰਜਾਬ ਵਿੱਚ ਸਾਲ 2022 ਤੋਂ ਪਹਿਲਾਂ ਦਰਜ ਕੀਤੀਆਂ ਗਈਆਂ 6054 ਵਿੱਚੋਂ ਐਫਆਈਆਰਜ਼ 4591 ਦੀ ਜਾਂਚ ਅਜੇ ਵੀ ਅਧੂਰੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ‘ਚ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਮਾਰਚ ਮਹੀਨੇ ਤੱਕ 6054 ਅਜਿਹੀਆਂ ਐਫਆਈਆਰਜ਼ ਲੰਬਿਤ ਸਨ, ਜਿਸ ਵਿੱਚ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ, ਦੋ ਮਹੀਨਿਆਂ ਵਿੱਚ 1463 ਐਫਆਈਆਰਜ਼ ਦੀ ਜਾਂਚ ਹੀ ਪੂਰੀ ਕੀਤੀ ਜਾ ਸਕੀ ਹੈ।

ਹਾਈ ਕੋਰਟ ਨੇ ਸੋਮਵਾਰ ਮਾਮਲੇ ਦੀ ਸੁਣਵਾਈ ਦੌਰਾਨ ਹੁਕਮ ਦਿੱਤੇ ਹਨ ਕਿ ਇਨ੍ਹਾਂ ਲੰਬਿਤ 4591 ਐਫਆਈਆਰਜ਼ ਦੀ ਜਾਂਚ ਪੂਰੀ ਕਰਨ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾਵੇ, ਜੋ ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਕਰ ਸਕਣ। ਇਸਤੋਂ ਪਹਿਲਾਂ ਵੀ ਡੀਜੀਪੀ ਨੂੰ ਇਨ੍ਹਾਂ ਲੰਬਿਤ ਮਾਮਲਿਆਂ ਵਿੱਚ ਕਾਰਵਾਈ ਕਰਨ ਅਤੇ 18 ਜੁਲਾਈ ਤੱਕ ਹਾਈ ਕੋਰਟ ਨੂੰ ਇਸਦੀ ਸਥਿਤੀ ਰਿਪੋਰਟ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਸਨ।

ਇੱਕ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ, ਹਾਈ ਕੋਰਟ ਨੇ ਇਹ ਹੁਕਮ ਦਿੱਤੇ ਹਨ। ਇਸ ਜ਼ਮਾਨਤ ਪਟੀਸ਼ਨ ‘ਤੇ ਬਹਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਿੰਨ ਸਾਲ ਪਹਿਲਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਹੋਣ ਦੇ ਬਾਵਜੂਦ, ਇਸਦੀ ਜਾਂਚ ਪੂਰੀ ਨਹੀਂ ਹੋਈ, ਜਦੋਂ ਕਿ ਨਿਰਧਾਰਤ ਪ੍ਰਕਿਰਿਆ ਦੇ ਤਹਿਤ, ਜਾਂਚ 90 ਦਿਨਾਂ ਵਿੱਚ ਪੂਰੀ ਹੋਣੀ ਚਾਹੀਦੀ ਸੀ। ਇਸ ‘ਤੇ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਪੰਜਾਬ ਦੇ ਡੀਜੀਪੀ ਤੋਂ ਪੂਰੇ ਪੰਜਾਬ ਵਿੱਚ ਅਜਿਹੀਆਂ ਲੰਬਿਤ ਐਫਆਈਆਰਜ਼ ਬਾਰੇ ਜਾਣਕਾਰੀ ਮੰਗੀ ਸੀ।

ਹਾਈ ਕੋਰਟ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਪਾਇਆ ਗਿਆ ਕਿ ਹਜ਼ਾਰਾਂ ਐਫਆਈਆਰਜ਼ ਹਨ, ਜਿਨ੍ਹਾਂ ਦੀ ਜਾਂਚ ਨਿਰਧਾਰਤ ਸਮੇਂ ਵਿੱਚ ਪੂਰੀ ਨਹੀਂ ਹੋ ਸਕੀ। ਜਿਸ ਤੋਂ ਬਾਅਦ ਹਾਈ ਕੋਰਟ ਨੇ ਸਾਲ 2022 ਤੋਂ ਪਹਿਲਾਂ ਦੀਆਂ ਅਜਿਹੀਆਂ ਲੰਬਿਤ ਐਫਆਈਆਰਜ਼ ਬਾਰੇ ਜਾਣਕਾਰੀ ਮੰਗੀ ਸੀ, ਜਿਨ੍ਹਾਂ ਦੀ ਜਾਂਚ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਲੰਬਿਤ ਸੀ। ਮਾਰਚ ਮਹੀਨੇ ਵਿੱਚ ਦੱਸਿਆ ਗਿਆ ਸੀ ਕਿ ਅਜਿਹੀਆਂ 6054 ਐਫਆਈਆਰਜ਼ ਸਨ, ਜਿਸ ‘ਤੇ ਹਾਈ ਕੋਰਟ ਨੇ ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਹੁਣ ਦੱਸਿਆ ਗਿਆ ਹੈ ਕਿ 1463 ਅਜਿਹੀਆਂ ਐਫਆਈਆਰਜ਼ ਦੀ ਜਾਂਚ ਪੂਰੀ ਹੋ ਚੁੱਕੀ ਹੈ, ਅਤੇ ਇਸਦੀ ਰਿਪੋਰਟ ਵੀ ਅਦਾਲਤਾਂ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ।

 

1 COMMENT

LEAVE A REPLY

Please enter your comment!
Please enter your name here