ਅਮਰੀਕੀ ਹਵਾਈ ਸੈਨਾ ਦਾ ਇੱਕ ਸੀ-17 ਜਹਾਜ਼ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਬੁੱਧਵਾਰ ਦੁਪਹਿਰ 1.55 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਇਸ ਵਿੱਚ 48 ਲੋਕ ਅਜਿਹੇ ਹਨ ਜਿਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਹੈ। ਇਸਦਾ ਮਤਲਬ ਹੈ ਕਿ ਅਮਰੀਕਾ ਤੋਂ ਜ਼ਬਰਦਸਤੀ ਕੱਢੇ ਗਏ ਇੱਕ ਤਿਹਾਈ ਤੋਂ ਵੱਧ ਲੋਕ 25 ਸਾਲ ਤੋਂ ਘੱਟ ਉਮਰ ਦੇ ਹਨ। ਦੱਸ ਦਈਏ ਕਿ ਡਿਪੋਰਟ ਕੀਤੇ ਗਏ ਭਾਰਤੀਆਂ ’ਚ 30 ਪੰਜਾਬ ਤੋਂ, 33 ਹਰਿਆਣਾ ਅਤੇ ਗੁਜਰਾਤ ਤੋਂ, ਤਿੰਨ-ਤਿੰਨ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਅਤੇ ਦੋ ਚੰਡੀਗੜ੍ਹ ਤੋਂ ਸਨ।
ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਵਿੱਚ ਕਪੂਰਥਲਾ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹੈ। ਜਿਨ੍ਹਾਂ ਨੂੰ ਮੀਡੀਆ ਰਾਹੀਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਉਸਦੇ ਡਿਪੋਰਟ ਹੋਣ ਦੀ ਜਾਣਕਾਰੀ ਅੱਜ ਮਿਲੀ ਹੈ। ਜਿਸ ਤੋਂ ਬਾਅਦ ਪਰਿਵਾਰ ਬੇਹੱਦ ਭਾਵੁਕ ਹੋ ਚੁੱਕਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਿਆ ਸੀ। ਉਸਦੇ ਅਮਰੀਕਾ ਜਾਣ ਮਗਰੋਂ ਪਰਿਵਾਰ ਨੇ ਕਈ ਸੁਪਨੇ ਵੇਖੇ ਸੀ ਕਿ ਸ਼ਾਇਦ ਉਹ ਘਰ ਦੇ ਹਲਾਤਾਂ ਨੂੰ ਸੁਧਾਰੇਗਾ ਪਰ ਕਿਸਮਤ ’ਚ ਕੁਝ ਹੋਰ ਹੀ ਲਿਖਿਆ ਹੋਇਆ ਸੀ।
ਪੀਟੀਸੀ ਨਿਊਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਿਆ ਸੀ। ਕਰੀਬ 20 ਦਿਨ ਪਹਿਲਾਂ ਉਸਦੀ ਬੇਟੇ ਨਾਲ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਿਆ ਹੈ ਕਿ ਉਸਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ। ਪਰਿਵਾਰ ਵੱਲੋਂ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।