ਖੰਨਾ ਪੁਲਿਸ ਨੇ ਨਕਲੀ ਵਿਜੀਲੈਂਸ ਡੀ.ਐਸ.ਪੀ. ਬਣ ਕੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ ਮੁਹੱਲਾ ਖੰਨਾ ਵਜੋਂ ਹੋਈ ਹੈ।
ਮੁਲਜ਼ਮ ਕਈ ਸਾਲਾਂ ਤੋਂ ਫਰਜ਼ੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ। ਉਸ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਰਮਨਦੀਪ ਸਿੰਘ ਰੰਮੀ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀਐਸਪੀ ਦੱਸਦਾ ਸੀ। ਉਹ ਵੱਖ-ਵੱਖ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਸੀ। ਉਸ ਨੂੰ ਕਈ ਵਾਰ ਤਹਿਸੀਲ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਅਫ਼ਸਰਾਂ ਦੇ ਕੋਲ ਬੈਠਿਆਂ ਦੇਖਿਆ ਗਿਆ ਹੈ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖ਼ਬਰ ਵੱਲੋਂ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਮਨਦੀਪ ਸਿੰਘ ਵਿਜੀਲੈਂਸ ਦਾ ਡੀਐਸਪੀ ਦੱਸ ਕੇ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ। ਆਪਣੇ ਕੰਮ ਕਰਵਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਰਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਉਸ ਦਾ ਪਛਾਣ ਪੱਤਰ ਵੀ ਮਿਲਿਆ ਹੈ। ਪੁਲਿਸ ਨੇ 16 ਫਰਵਰੀ ਤੱਕ ਰਿਮਾਂਡ ਹਾਸਲ ਕਰ ਲਿਆ ਹੈ। ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਇਸ ਮੁਲਜ਼ਮ ਨੇ ਫਸਾਇਆ ਹੈ ਤਾਂ ਉਹ ਆ ਕੇ ਪੁਲਿਸ ਨੂੰ ਜਾਣਕਾਰੀ ਦੇਵੇ।