ਚੰਡੀਗੜ੍ਹ: ਦੇਸ਼ ਭਰ ‘ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਅਤੇ ਭਾਰਤੀ ਚੋਣ ਕਮਿਸ਼ਨ ਵਲੋਂ ਬੱਚਿਆਂ ਕੋਲੋਂ ਚੋਣ ਪ੍ਰਚਾਰ ਕਰਵਾਉਣ ‘ਤੇ ਮਨ੍ਹਾਹੀ ਹੈ, ਪਰੰਤੂ ਫਿਰ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਪੱਤਰ ਹਲਕਾ ਖਡੂਰ ਸਾਹਿਬ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ਼ ਜਾਰੀ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਮ ਆਦਮੀ ਪਾਰਟੀ) ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ (ਲਾਲਜੀਤ ਸਿੰਘ ਭੁੱਲਰ) ਦੇ ਹੱਕ ਵਿੱਚ ਕਥਿਤ ਤੌਰ ‘ਤੇ ਆਪ ਆਗੂਆਂ ਵੱਲੋਂ ਛੋਟੇ ਬੱਚਿਆਂ ਕੋਲੋਂ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਸੀ, ਜਿਸ ਦੀਆਂ ਬਾਕਾਇਦਾ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਇਸ ਸਬੰਧੀ ਉਸ ਨੇ ਸ਼ਿਕਾਇਤ ਅਤੇ ਫੋਟੋਆਂ ਪੰਜਾਬ (ਪੰਜਾਬ-ਸਰਕਾਰ) ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਅਤੇ ਚੋਣ ਅਧਿਕਾਰੀਆਂ ਨੂੰ ਭੇਜੀਆਂ, ਜਿਸ ‘ਤੇ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਤੁਰੰਤ ਸ਼ਿਕਾਇਤ ਦੀ ਜਾਂਚ ਕਰਨ ਅਤੇ ਨਿਯਮਾਂ ਅਨੁਸਰ ਬਣਦੀ ਕਾਰਵਾਈ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਨਵਦੀਪ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਉਮੀਦਵਾਰ ਲਾਲਜੀਤ ਭੁੱਲਰ ਅਤੇ ਉਸਦੇ ਆਗੂ ਕਥਿਤ ਤੌਰ ‘ਤੇ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਜਿਸ ਤਹਿਤ ਆਪ ਉਮੀਦਵਾਰ ਲਾਲਜੀਤ ਭੁੱਲਰ ਵੱਲੋਂ ਆਪਣੀ ਰਿਹਾਇਸ਼ ਨੂੰ ਜਾਂਦੀ ਇੱਕ ਸੜਕ ਬਣਵਾਈ ਜਾ ਰਹੀ ਹੈ, ਜੋ ਕਿ ਕਥਿਤ ਤੌਰ ‘ਤੇ ਨਿਯਮਾਂ ਦੀ ਉਲੰਘਣਾ ਹੈ। ਉਸ ਨੇ ਦੱਸਿਆ ਕਿ ਇਸ ਵੀਡੀਓ ਚੋਣ ਕਮਿਸ਼ਨ ਦੇ ਐਪ ਸੀ-ਵਿਜ਼ਲ ‘ਤੇ ਭੇਜੀ ਗਈ ਅਤੇ ਚੋਣ ਅਫ਼ਸਰਾਂ ਨੂੰ ਮੌਕੇ ਪਰ ਜਾਣੂ ਕਰਵਾਇਆ ਗਿਆ ਤਾਂ ਟੀਮ ਵਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ।