ਹਾਜੀਪੁਰ ਪੁਲਿਸ ਨੇ ਔਰਤ ਦੇ ਕਤਲ ਮਾਮਲੇ ਵਿੱਚ 4 ਲੋਕਾਂ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਪੁਲਿਸ ਨੂੰ ਸਹੋੜਾ ਕੰਢੀ ਵਿਖੇ ਕਿਸੇ ਅਣਪਛਾਤੀ ਔਰਤ ਦੀ ਲਾਸ਼ ਹੋਣ ਦੀ ਜਾਣਕਾਰੀ ਮਿਲੀ ਸੀ। ਜਾਣਕਾਰੀ ਮਿਲਣ ‘ਤੇ ਥਾਣਾ ਮੁਖੀ ਪੰਕਜ ਕੁਮਾਰ ਪੁਲਿਸ ਪੁਲਿਸ ਨਾਲ ਸਹੋੜਾ ਕੰਢੀ ਪੁੱਜੇ ਅਤੇ ਅਣਪਛਾਤੀ ਲਾਸ਼ ਦੀ ਸ਼ਨਾਖਤ ਕੀਤੀ ਪਰ ਉਸ ਦੀ ਪਛਾਣ ਨਹੀਂ ਹੋਈ।
ਸ਼ਨਾਖਤ ਨਾ ਹੋਣ ‘ਤੇ ਲਾਸ਼ ਨੂੰ ਮੁਕੇਰੀਆਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਲਾਸ਼ ਹਾਜੀਪੁਰ ਦੇ ਰਹਿਣ ਵਾਲੇ ਨਰਿੰਦਰ ਸਿੰਘ ਦੀ ਪਤਨੀ ਸੁਨੀਤਾ ਰਾਣੀ ਦੀ ਹੈ। ਸ਼ਨਾਖਤ ਤੋਂ ਬਾਅਦ ਸੁਨੀਤਾ ਰਾਣੀ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਪੰਜ ਮਹੀਨੇ ਦੇ ਲੜਕੇ ਲਕਸ਼ ਨੂੰ ਲੈ ਕੇ ਪੇਕੇ ਘਰ ਡੰਡੋਹ ਹਰਿਆਣਾ ਗਈ ਸੀ ਪਰ ਉਹ ਉੱਥੇ ਨਹੀਂ ਪਹੁੰਚੀ ਸੀ।
ਕੀ ਹੈ ਪੂਰਾ ਮਾਮਲਾ?
ਦੱਸ ਦਈਏ ਕਿ ਰਾਹੁਲ ਅਤੇ ਗੁਲਸ਼ਨ ਪਤੀ-ਪਤਨੀ ਬਣ ਕੇ ਉਨ੍ਹਾਂ ਫਰੈਡ ਸਰਕਲ ਵਿੱਚ ਰਹਿ ਰਹੇ ਸਨ, ਜਿਨ੍ਹਾਂ ਦਾ ਕੋਈ ਬੱਚਾ ਨਹੀਂ ਸੀ। ਇਸ ਕਰਕੇ ਮ੍ਰਿਤਕ ਸੁਨੀਤਾ ਰਾਣੀ ਦੇ ਗੁਆਂਢੀ ਨਰਿੰਦਰ ਅਤੇ ਉਸ ਦੀ ਪਤਨੀ ਸੁਨੀਤਾ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ ਕਿ ਤੁਹਾਡੇ 3 ਬੱਚੇ ਹਨ ਅਤੇ ਤੁਸੀਂ ਆਪਣਾ ਛੋਟਾ ਮੁੰਡਾ ਨਕਸ਼ ਰਾਹੁਲ ਅਤੇ ਗੁਲਸ਼ਨ ਨੂੰ ਦੇ ਦਿਓ। ਜਦੋਂ ਉਨ੍ਹਾਂ ਨੇ ਆਪਣਾ ਬੱਚਾ ਨਹੀਂ ਦਿੱਤਾ ਤਾਂ ਰਾਹੁਲ ਅਤੇ ਗੁਲਸ਼ਨ ਸੁਨੀਤਾ ਰਾਣੀ ਸਮੇਤ ਲਕਸ਼ ਨੂੰ ਗੱਲਾਂ ਵਿੱਚ ਫਸਾ ਕੇ ਗਗਨ ਦੇ ਟਿੱਲਾ ਮੰਦਰ ਪਿੰਡ ਸਹੋੜਾ ਕੰਢੀ ਲੈ ਗਏ।
ਜਿੱਥੇ ਰਾਹੁਲ ਨੇ ਲੜਕੇ ਲਕਸ਼ ਨੂੰ ਖੋਹ ਕੇ ਗੁਲਸ਼ਨ ਦੇ ਹਵਾਲੇ ਕਰ ਦਿੱਤਾ ਅਤੇ ਉਹ ਬੱਚਾ ਲੈਕੇ ਚਲੀ ਗਈ ਅਤੇ ਸੁਨੀਤਾ ਰਾਣੀ ਨੂੰ ਰਾਹੁਲ ਜੰਗਲ ਵਿੱਚ ਲੈ ਗਿਆ। ਉੱਥੇ ਸੁਨੀਤਾ ਆਪਣੇ ਲੜਕੇ ਲਕਸ਼ ਨੂੰ ਲੈਣ ਲਈ ਜਿੱਦ ਕਰਨ ਲੱਗ ਪਈ ਜਿਸ ਕਰਕੇ ਰਾਹੁਲ ਨੇ ਉਸ ਦੇ ਸਿਰ ਵਿੱਚ ਪੱਥਰ ਮਾਰਿਆ ਅਤੇ ਉਸ ਦੀ ਹੀ ਚੁੰਨੀ ਨਾਲ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ।
ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀਆ ਦੇ ਘਰਾਂ ਦੀ ਰੇਡ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲੜਕੇ ਲਕਸ਼ ਨੂੰ ਬਰਾਮਦ ਕਰਕੇ ਵਾਰਸਾਂ ਹਵਾਲੇ ਕੀਤਾ ਗਿਆ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।