ਸਮਰਾਲਾ ਮੈਰਿਜ ਪੈਲੇਸ ਦੀ ਵਾਇਰਲ ਵੀਡੀਓ: ਸਮਰਾਲਾ ‘ਚ ਮੈਰਿਜ ਪੈਲੇਸ ਦੀ ਵਾਇਰਲ ਵੀਡੀਓ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸਟੇਜ ‘ਤੇ ਗਾਲਾਂ ਕੱਢਣ ਵਾਲੀ ਮਾਡਲ ਸਿਮਰ ਸਿੱਧੂ ਦੇ ਖਿਲਾਫ ਹੁਣ ਉਸ ਦੇ ਆਪਣੇ ਭਾਈਚਾਰੇ ਦੇ ਲੋਕ ਹੀ ਨਿੱਤਰ ਆਏ ਹਨ। ਆਰਕੈਸਟਰਾ ਯੂਨੀਅਨ ਪੰਜਾਬ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸਿਮਰ ਸਿੱਧੂ ‘ਤੇ ਆਰੋਪ ਲਾਏ ਹਨ ਕਿ ਉਸ ਨੇ ਸਟੇਜ ਉਪਰ ਜੋ ਵੀ ਕੀਤਾ ਹੈ ਉਹ ਬਿਲਕੁਲ ਗਲਤ ਕੀਤਾ ਹੈ ਅਤੇ ਪਾਰਟੀ ਵਾਲਿਆਂ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸਨ।
ਦੱਸ ਦਈਏ ਕਿ ਬੀਤੇ ਦਿਨੀ ਇੱਕ ਮੈਰਿਜ ਪੈਲੇਸ ‘ਚ ਵਿਆਹ ਪਾਰਟੀ ਦੌਰਾਨ ਹੰਗਾਮਾ ਹੋ ਗਿਆ ਸੀ। ਇਸ ਦੌਰਾਨ ਵਾਇਰਲ ਹੋਈ ਵੀਡੀਓ ‘ਚ ਵਿਖਾਈ ਦੇ ਰਿਹਾ ਹੈ ਕਿ ਮਾਡਲ ਤੇ ਸਟੇਜ ਦੇ ਹੇਠਾਂ ਨੱਚ ਰਹੇ ਮੁੰਡਿਆਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੁੰਦੀ ਹੈ ਅਤੇ ਫਿਰ ਜਦੋਂ ਮਾਮਲਾ ਭਖਦਾ ਹੈ ਤਾਂ ਮਾਡਲ ਸਿਮਰ ਸਿੱਧੂ ਸਟੇਜ ਤੋਂ ਹੀ ਗਾਲਾਂ ਕੱਢਦੀ ਹੈ। ਇਸ ਦੌਰਾਨ ਇੱਕ ਨੌਜਵਾਨ ਉਸ ਵੱਲ ਕੋਈ ਚੀਜ਼ ਮਾਰਦਾ ਵੀ ਨਜ਼ਰ ਆ ਰਿਹਾ ਹੈ।
ਇਸ ਸਬੰਧ ‘ਚ ਪੁਲਿਸ ਨੇ ਸਿਮਰ ਸਿੱਧੂ ਦੀ ਸ਼ਿਕਾਇਤ ‘ਤੇ 4 ਲੋਕਾਂ ਖਿਲਾਫ਼ ਮਾਮਲਾ ਵੀ ਦਰਜ ਕੀਤਾ ਹੈ, ਪਰ ਹੁਣ ਇਹ ਭਖਦਾ ਨਜ਼ਰ ਆ ਰਿਹਾ ਹੈ। ਅੱਜ ਸਮਰਾਲਾ ਵਿੱਚ ਆਰਕੈਸਟਰਾ ਯੂਨੀਅਨ ਪੰਜਾਬ ਦੇ ਮੈਂਬਰ ਇਕੱਠੇ ਹੋ ਕੇ ਥਾਣਾ ਮੁਖੀ ਐਸਐਚਓ ਰਾਓ ਵਰਿੰਦਰ ਸਿੰਘ ਨੂੰ ਮਿਲਣ ਆਏ। ਯੂਨੀਅਨ ਦੇ ਮੈਂਬਰਾਂ ਦੇ ਵਿੱਚ ਮਾਡਲ ਸਿਮਰ ਸਿੱਧੂ ਨਾਲ ਕੰਮ ਕਰਨ ਵਾਲੇ ਉਸਦੇ ਸਾਥੀ ਵੀ ਅੱਗੇ ਆਏ, ਜਿਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜੋ ਸਿਮਰ ਸਿੱਧੂ ਨੇ ਸਟੇਜ ਉੱਪਰ ਕੀਤਾ ਸਰਾਸਰ ਗਲਤ ਕੀਤਾ ਹੈ। ਅਸੀਂ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਉਸ ਨੇ ਸਮਝ ਤੋਂ ਕੰਮ ਲੈਣ ਦੀ ਥਾਂ ਉੱਥੇ ਗਾਲੀ ਗਲੋਚ ਕੀਤੀ ਤੇ ਪਾਰਟੀ ਵਾਲਿਆਂ ਨਾਲ ਲੜਾਈ ਕੀਤੀ।
‘ਸ਼ਰਾਬ ਪੀਣ ਕਾਰਨ ਆਪੇ ਤੋਂ ਬਾਹਰ ਹੋਈ ਸਿਮਰ ਸਿੱਧੂ’
ਉਨ੍ਹਾਂ ਇਹ ਵੀ ਕਹਿਣਾ ਹੈ ਕਿ ਸਿਮਰ ਸਿੱਧੂ ਜੋ ਮਾਡਲ ਹੈ, ਉਸ ਦੀ ਸ਼ਰਾਬ ਬਹੁਤ ਜਿਆਦਾ ਪੀਤੀ ਹੋਈ ਸੀ, ਇਸ ਕਰਕੇ ਉਹ ਆਪੇ ਤੋਂ ਬਾਹਰ ਹੋ ਚੁੱਕੀ ਸੀ। ਇਸ ਲਈ ਵਾਰ-ਵਾਰ ਸਮਝਾਉਣ ‘ਤੇ ਵੀ ਉਹ ਸਮਝ ਨਹੀਂ ਰਹੀ ਸੀ, ਜੋ ਵੀ ਇਹ ਹੋਇਆ ਗਲਤ ਹੋਇਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਵਿਅਕਤੀਆਂ ਉੱਪਰ ਪਰਚੇ ਦਰਜ ਹੋਏ ਹਨ ਉਹ ਬਿਲਕੁਲ ਹੀ ਗਲਤ ਹੋਏ ਹਨ।
ਦੱਸ ਦਈਏ ਕਿ ਬੀਤੇ ਦਿਨ ਮਾਡਲ ਸਿਮਰ ਸਿੱਧੂ ਨੇ ਇਸ ਹੰਗਾਮੇ ਬਾਰੇ ਗੱਲਬਾਤ ਦੌਰਾਨ ਆਰਕੈਸਟਰਾਂ ਵਾਲਿਆਂ ‘ਤੇ ਵੀ ਆਰੋਪ ਲਾਏ ਸਨ ਕਿ ਉਹ ਉਸ ਨੂੰ ਨਾ ਤਾਂ ਸਿਕਿਓਰਿਟੀ ਮੁਹਈਆ ਕਰਵਾਉਂਦੇ ਹਨ ਅਤੇ ਨਾ ਹੀ ਕੋਈ ਹੋਰ ਸਹੂਲਤਾਂ ਦਿੰਦੇ ਹਨ। ਇਥੋਂ ਤੱਕ ਕਿ ਉਹ ਪਾਰਟੀ ਵਾਲਿਆਂ ਤੋਂ ਪੈਸਿਆਂ ਖਾਤਰ ਉਸ ਨੂੰ ਹੀ ਚੁਪ ਰਹਿਣ ਲਈ ਕਹਿੰਦੇ ਰਹਿੰਦੇ ਹਨ।