ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ਼ੁੱਕਰਵਾਰ ਨੂੰ ਪੀਐਸਪੀਸੀਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ਵਿੱਚ ਵਿੱਤੀ ਗੜਬੜੀ ਦੀ ਕੋਸ਼ਿਸ਼ ਕਰਨ ਲਈ ਇੱਕ ਸੀਨੀਅਰ ਐਕਸੀਅਨ, ਜੇਈ ਅਤੇ ਸਟੋਰ ਕੀਪਰ ਨੂੰ ਤੁਰੰਤ ਮੁਅੱਤਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਸ਼ਾਮਲ ਮੁਲਾਜ਼ਮਾਂ ਅਤੇ ਵਪਾਰੀ ਖ਼ਿਲਾਫ਼ ਪੁਲੀਸ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਇਨਫੋਰਸਮੈਂਟ ਵਿੰਗ ਅਤੇ ਤਕਨੀਕੀ ਜਾਂਚ ਵਿੰਗ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ 25 ਜੁਲਾਈ ਨੂੰ ਸੈਂਟਰਲ ਵੇਅਰਹਾਊਸ, ਪੀ.ਐਸ.ਪੀ.ਸੀ.ਐਲ., ਕੋਟਕਪੂਰਾ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਸਕਰੈਪ ਦੀ ਚੱਲ ਰਹੀ ਵਿਕਰੀ ਦਾ ਨਿਰੀਖਣ ਕੀਤਾ। ਆਰਡਰ ਉਨ੍ਹਾਂ ਕਿਹਾ ਕਿ ਇਸ ਅਚਨਚੇਤ ਨਿਰੀਖਣ ਦੌਰਾਨ ਸਕਰੈਪ ਲੈ ਕੇ ਜਾਣ ਵਾਲੇ ਤਿੰਨ ਟਰੱਕਾਂ ਵਿੱਚੋਂ ਇੱਕ ਵਿੱਚ ਸਕਰੈਪ ਮਾਲ ਵਿਚਕਾਰ ਨਵੇਂ ਐਲੂਮੀਨੀਅਮ ਕੰਡਕਟਰਾਂ ਨੂੰ ਛੁਪਾਉਣ ਦੀ ਕੋਸ਼ਿਸ਼ ਦਾ ਖੁਲਾਸਾ ਹੋਇਆ, ਜਿਸ ਨਾਲ ਪੀਐਸਪੀਸੀਐਲ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।
ਬਿਜਲੀ ਮੰਤਰੀ ਨੇ ਦੱਸਿਆ ਕਿ ਸੀਨੀਅਰ ਐਕਸੀਅਨ (ਸਟੋਰ) ਬੇਅੰਤ ਸਿੰਘ, ਜੇਈ ਗੁਰਮੇਲ ਸਿੰਘ ਅਤੇ ਸਟੋਰ ਕੀਪਰ ਨਿਰਮਲ ਸਿੰਘ ਸਮੇਤ ਜ਼ਿੰਮੇਵਾਰ ਪਾਏ ਗਏ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਅਤੇ ਇਸ ਵਿੱਚ ਸ਼ਾਮਲ ਵਪਾਰੀ ਖ਼ਿਲਾਫ਼ ਪੁਲੀਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੈਂਕ ਜਾਂ ਸੀਨੀਆਰਤਾ ਦੀ ਪਰਵਾਹ ਕੀਤੇ ਬਿਨਾਂ, ਜੇਕਰ ਕੋਈ ਵੀ ਅਧਿਕਾਰੀ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਜਾਂ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਜਵਾਬਦੇਹੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ।