ਹਰਿਆਣਾ ਦੇ ਸਿਰਸਾ ‘ਚ ਡੇਰੇ ਦੀ ਜ਼ਮੀਨ ਨੂੰ ਲੈ ਕੇ ਦੋ ਗੁੱਟਾਂ ‘ਚ ਗੋਲੀਬਾਰੀ ਹੋ ਗਈ। ਇਸ ਦੌਰਾਨ ਗੋਲੀਬਾਰੀ ‘ਚ 6 ਲੋਕ ਗੰਭੀਰ ਜ਼ਖਮੀ ਹੋ ਗਏ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ‘ਤੇ ਵੀ ਗੋਲੀਬਾਰੀ ਦੀ ਸੂਚਨਾ ਹੈ। ਹਾਲਾਂਕਿ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅੱਥਰੂ ਗੈਸ ਦੇ ਗੋਲੇ ਛੱਡੇ। ਦੂਜੇ ਪਾਸੇ ਹੰਗਾਮੇ ਤੋਂ ਬਾਅਦ ਐਸਪੀ ਵਿਕਰਾਂਤ ਭੂਸ਼ਣ ਨੇ ਮੌਕੇ ਦਾ ਮੁਆਇਨਾ ਕੀਤਾ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਨਾਮਧਾਰੀ ਸਿੱਖ ਭਾਈਚਾਰੇ ਦੇ ਦੋ ਧਾਮ ਹਨ ਅਤੇ ਇਕ ਧਾਮ ਲੁਧਿਆਣਾ ਦੇ ਸ੍ਰੀ ਭੈਣੀ ਸਾਹਿਬ ਵਿਖੇ ਸਥਿਤ ਹੈ। ਇਸ ਦਾ ਪ੍ਰਬੰਧ ਸਤਿਗੁਰੂ ਉਦੈ ਸਿੰਘ ਕਰਦੇ ਹਨ ਅਤੇ ਦੂਜਾ ਧਾਮ ਰਾਣੀਆ ਦੇ ਜੀਵਨ ਨਗਰ ਵਿੱਚ ਹੈ। ਇਸ ਦੀ ਦੇਖ-ਰੇਖ ਉਦੈ ਸਿੰਘ ਦੇ ਭਰਾ ਠਾਕੁਰ ਦਲੀਪ ਸਿੰਘ ਕਰਦੇ ਹਨ। ਸਤਿਗੁਰੂ ਉਦੈ ਸਿੰਘ ਦੇ ਪੈਰੋਕਾਰਾਂ ਨੇ ਡੇਰਾ ਜੀਵਨ ਨਗਰ ਦੇ ਨਾਲ ਲੱਗਦੀ 12 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਦਲੀਪ ਸਿੰਘ ਦੇ ਚੇਲੇ ਮਿੱਠੂ ਸਿੰਘ ਨੇ ਦਾਅਵਾ ਕੀਤਾ ਹੈ ਕਿ ਡੇਰੇ ਦੀ ਜ਼ਮੀਨ ਉਸ ਦੀ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ। ਸਤਿਗੁਰੂ ਉਦੈ ਸਿੰਘ ਦੇ ਲਗਭਗ 250 ਚੇਲੇ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ ਅਤੇ ਇਸ ਇਰਾਦੇ ਨਾਲ ਪੈਰੋਕਾਰਾਂ ਨੇ ਡੇਰੇ ‘ਤੇ ਹਮਲਾ ਕਰ ਦਿੱਤਾ।