ਨਵੇਂ ਟ੍ਰੈਫਿਕ ਨਿਯਮਾਂ ਦੇ ਬਾਵਜੂਦ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਠੱਲ੍ਹ ਨਹੀਂ ਪੈ ਰਹੀ। ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਨਹੀਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਕਈ ਭਿਆਨਕ ਹਾਦਸੇ ਵਾਪਰਨ ਤੋਂ ਨਹੀਂ ਰੁਕ ਰਹੇ। ਜਲੰਧਰ ‘ਚ ਅਜਿਹਾ ਹੀ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ, ਜਿਸ ‘ਚ ਇੱਕ 13 ਸਾਲ ਦੇ ਮਾਸੂਮ ਦੀ ਜਾਨ ਚਲੀ ਗਈ ਹੈ।
ਬੱਚੇ ਦੀ ਪਛਾਣ ਜਲੰਧਰ ਦੇ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਰਹਿਣ ਵਾਲੇ ਅਵੀ ਪੁੱਤਰ ਰਾਕੇਸ਼ ਮਲਹੋਤਰਾ ਵੱਜੋਂ ਹੋਈ ਹੈ, ਜੋ ਕਿ ਆਪਣੇ ਕਿਸੇ ਜਾਣਕਾਰ ਨੂੰ ਰੋਟੀ ਦੇ ਕੇ ਵਾਪਸ ਪਰਤ ਰਿਹਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਗਦਾਈਪੁਰ ਨਜ਼ਦੀਕ ਇੱਕ ਟਰੱਕ ਨਾਲ ਟੱਕਰ ਹੋ ਗਈ। ਨਤੀਜੇ ਵੱਜੋਂ ਬੱਚਾ ਟਰੱਕ ਹੇਠ ਦਰੜਿਆ ਗਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਪਿੱਛੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਬੱਚੇ ਦੀ ਮੌਤ ਨਾਲ ਉਸ ਦੇ ਘਰ ‘ਚ ਮਾਤਮ ਪਸਰ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਅਵੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਥਾਣਾ 8 ਦੀ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸੇ ਪਿੱਛੋਂ ਟਰੱਕ ਡਰਾਈਵਰ ਫਰਾਰ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਜਾਂਚ ਅਰੰਭ ਦਿੱਤੀ ਹੈ ਅਤੇ ਛੇਤੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।