ਪੰਜਾਬ ਨੂੰ ਸਾਲ 2023-24 ਲਈ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਸਕੀਮ ਤਹਿਤ “ਬੈਸਟ ਪਰਫਾਰਮਿੰਗ ਸਟੇਟ” ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਐਵਾਰਡ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੈਸ਼ਨਲ ਐਗਰੀਕਲਚਰ ਸਾਇੰਸ ਕੰਪਲੈਕਸ, ਨਵੀਂ ਦਿੱਲੀ ਵਿਖੇ ਆਯੋਜਿਤ ਏਆਈਐਫ ਐਕਸੀਲੈਂਸ ਐਵਾਰਡ ਸਮਾਰੋਹ ਦੌਰਾਨ ਪੰਜਾਬ ਨੂੰ ਪ੍ਰਦਾਨ ਕੀਤਾ।
ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਏ.ਆਈ.ਐਫ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਇਸ ਸਕੀਮ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਜੌੜਾਮਾਜਰਾ ਨੂੰ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਡਾਇਰੈਕਟਰ ਸ਼ੈਲੇਂਦਰ ਕੌਰ ਆਈ.ਐਫ.ਐਸ ਅਤੇ ਹੋਰ ਅਧਿਕਾਰੀਆਂ ਵੱਲੋਂ ਇਹ ਸਨਮਾਨ ਪ੍ਰਦਾਨ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਪੰਜਾਬ ਦੀ ਸ਼ਾਨਦਾਰ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਵਿੱਤੀ ਸਾਲ 2021-22 ਵਿੱਚ ਸਿਰਫ 164 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ, ਬਾਗਬਾਨੀ ਵਿਭਾਗ (ਏਆਈਐਫ ਲਈ ਸਟੇਟ ਨੋਡਲ ਏਜੰਸੀ) ਦੇ ਅੰਦਰ ਰਣਨੀਤਕ ਯੋਜਨਾਬੰਦੀ ਅਤੇ ਸਮਰਪਿਤ ਪ੍ਰੋਜੈਕਟ ਨਿਗਰਾਨੀ ਯੂਨਿਟ (ਪੀਐਮਯੂ) ਦੀ ਸ਼ੁਰੂਆਤ ਦੇ ਨਾਲ, ਸੰਖਿਆ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਈ। ਵਿੱਤੀ ਸਾਲ 2022-23 ਤੱਕ, ਰਾਜ ਨੇ 3,480 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ, ਜੋ ਕਿ ਵਿੱਤੀ ਸਾਲ 2023-24 ਤੱਕ ਲਗਭਗ ਚਾਰ ਗੁਣਾ ਵੱਧ ਕੇ 12,064 ਹੋ ਗਏ ਹਨ। ਅਗਸਤ 2024 ਤੱਕ, ਮਨਜ਼ੂਰ ਕੀਤੇ ਪ੍ਰੋਜੈਕਟਾਂ ਦੀ ਕੁੱਲ ਸੰਖਿਆ 16,680 ਹੈ।