ਫੌਜ ਵਿੱਚੋਂ ਸੇਵਾਮੁਕਤ ਲਾਂਸ ਨਾਇਕ ਦੇ ਪੁੱਤਰ ਗੁਰਕੀਰਤ ਸਿੰਘ ਨੇ ਪਾਸਿੰਗ ਆਊਟ ਕੋਰਸ ਵਿੱਚ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਐੱਫ.ਪੀ.ਆਈ.), ਮੋਹਾਲੀ ਦੇ 6 ਕੈਡਿਟ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਖੜਕਵਾਸਲਾ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਤੋਂ 147ਵੇਂ NDA ਕੋਰਸ ਦੇ ਹਿੱਸੇ ਵਜੋਂ ਪਾਸ ਆਊਟ ਹੋ ਗਏ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕੀਤਾ।
ਤਿੰਨ ਸਾਲਾਂ ਦੀ ਸਖ਼ਤ ਸਿਖਲਾਈ ਪੂਰੀ ਕਰਨ ਤੋਂ ਬਾਅਦ, ਇਹ ਛੇ ਕੈਡੇਟ- ਗੁਰਕੀਰਤ ਸਿੰਘ, ਯੁਵਰਾਜ ਸਿੰਘ ਤੋਮਰ, ਬਰਜਿੰਦਰ ਸਿੰਘ, ਵਿਨਾਇਕ ਸ਼ਰਮਾ, ਸੁਖਦੇਵ ਸਿੰਘ ਗਿੱਲ ਅਤੇ ਕੁਸ਼ ਪਾਂਡੇਆ- ਹੁਣ ਇੱਕ ਸਾਲ ਦੇ ਅੰਦਰ ਕਮਿਸ਼ਨਡ ਅਫਸਰ ਬਣਨ ਲਈ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜਾ ਕੇ ਕੰਮ ਕਰਨਗੇ।
ਫੌਜ ਵਿੱਚੋਂ ਸੇਵਾਮੁਕਤ ਲਾਂਸ ਨਾਇਕ ਦੇ ਪੁੱਤਰ ਗੁਰਕੀਰਤ ਸਿੰਘ ਨੇ ਪਾਸਿੰਗ ਆਊਟ ਕੋਰਸ ਵਿੱਚ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਲਖਨਊ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਤੋਂ ਮਾਨਤਾ ਪ੍ਰਾਪਤ ਕੀਤੀ, ਜੋ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਰੱਖਿਆ ਸੇਵਾਵਾਂ ਵਿੱਚ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ ਨੇ ਕੈਡਿਟਾਂ ਨੂੰ ਉਨ੍ਹਾਂ ਦੇ ਪਾਸ ਆਊਟ ਹੋਣ ‘ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਇਸ ਸਮੇਂ ਸੰਸਥਾ ਦੇ 20 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ‘ਚ ਸ਼ਾਮਲ ਹੋਣ ਲਈ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ, 43 ਕੈਡਿਟ ਜਲਦੀ ਹੀ ਆਪਣੇ ਸਰਵਿਸ ਸਿਲੈਕਸ਼ਨ ਬੋਰਡ (SSB) ਇੰਟਰਵਿਊ ਲਈ ਜਾ ਰਹੇ ਹਨ।