‘ਆਪ’ ਪੰਜਾਬ ਨੇ ਜਲੰਧਰ ‘ਚ ਕੀਤੀ ਪ੍ਰੈੱਸ ਕਾਨਫਰੰਸ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡਾ. ਬੀ.ਆਰ. ਅੰਬੇਦਕਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਲਈ ਉਨ੍ਹਾਂ ਦੀ ਨਿੰਦਾ ਕੀਤੀ। ਇਸ ਟਿੱਪਣੀ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਾਰ ਦਿੰਦਿਆਂ ‘ਆਪ’ ਆਗੂਆਂ ਨੇ ਭਾਜਪਾ ਅਤੇ ਆਰਐਸਐਸ ‘ਤੇ ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਏਜੰਡਾ ਅਪਣਾਉਣ ਦਾ ਦੋਸ਼ ਲਾਇਆ।
ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਪਵਨ ਕੁਮਾਰ ਟੀਨੂੰ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸੰਵਿਧਾਨ ਦੀਆਂ ਧਰਮ ਨਿਰਪੱਖ ਅਤੇ ਸਮਾਵੇਸ਼ੀ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹੋਏ ਭਾਜਪਾ ਅਤੇ ਆਰਐਸਐਸ ਦੀ ਆਲੋਚਨਾ ਕੀਤੀ।
ਟੀਨੂੰ ਨੇ ਕਿਹਾ, “ਡਾ. ਬੀ ਆਰ ਅੰਬੇਡਕਰ ਨੇ ਆਪਣਾ ਪੂਰਾ ਜੀਵਨ ਸੰਵਿਧਾਨ ਬਣਾਉਣ, ਇੱਕ ਵਿਭਿੰਨ ਰਾਸ਼ਟਰ ਨੂੰ ਇੱਕਜੁੱਟ ਕਰਨ ਅਤੇ ਸਾਰਿਆਂ ਲਈ ਬਰਾਬਰ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਵਿੱਚ ਬਿਤਾਇਆ। ਭਾਜਪਾ ਅਤੇ ਆਰਐਸਐਸ ਨੇ ਵਾਰ-ਵਾਰ ਉਸ ਦੀ ਵਿਰਾਸਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸੰਵਿਧਾਨ ਨੂੰ ਬਦਲਣ ਦਾ ਖਦਸ਼ਾ ਪੈਦਾ ਕੀਤਾ ਹੈ। ਅਮਿਤ ਸ਼ਾਹ ਦੀਆਂ ਟਿੱਪਣੀਆਂ ਉਨ੍ਹਾਂ ਦੀ ਦਲਿਤ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ।
ਈਟੀਓ ਨੇ ਕਿਹਾ, “ਸੰਸਦ ਵਿੱਚ ਅਮਿਤ ਸ਼ਾਹ ਦੇ ਬਿਆਨ ਉਨ੍ਹਾਂ ਕਰੋੜਾਂ ਭਾਰਤੀਆਂ ਲਈ ਬੇਰਹਿਮ ਅਤੇ ਡੂੰਘੇ ਦੁਖਦਾਈ ਸਨ ਜੋ ਡਾ. ਅੰਬੇਡਕਰ ਨੂੰ ਇੱਕ ਮਾਰਗ ਦਰਸ਼ਕ ਵਜੋਂ ਸਤਿਕਾਰਦੇ ਹਨ। ਬਾਬਾ ਸਾਹਿਬ ਨੇ ਇੱਕ ਅਜਿਹਾ ਸੰਵਿਧਾਨ ਤਿਆਰ ਕੀਤਾ ਜਿਸ ਨੇ ਇੱਕ ਟੁਕੜੇ ਹੋਏ ਰਾਸ਼ਟਰ ਨੂੰ ਇਕਜੁੱਟ ਕੀਤਾ ਅਤੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ।