ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ ‘ਚ ਸੁਖਬੀਰ ਬਾਦਲ ਵੀ

0
10234
ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹ

ਮੇਲਾ ਮਾਘੀ ਮੌਕੇ ਭਲਕੇ ਪੰਥਕ ਧਿਰਾਂ ਵੱਲੋਂ ਸਿਆਸੀ ਕਾਨਫਰੰਸਾਂ ਵਿੱਚ ਅਹਿਮ ਐਲਾਨ ਕੀਤੇ ਜਾਣਗੇ। ਇਸ ਦੌਰਾਨ ਸਭ ਦੀਆਂ ਨਜ਼ਰਾਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੀ ਸਿਆਸੀ ਕਾਨਫਰੰਸ ਉਪਰ ਰਹਿਣਗੀਆਂ। ਉਨ੍ਹਾਂ ਵੱਲੋਂ ਇਸ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਏਗਾ। ਇਸ ਦੇ ਨਾਲ ਹੀ ਸੰਕਟ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਕਾਨਫਰੰਸ ਵੀ ਅਹਿਮ ਹੋਣ ਵਾਲੀ ਹੈ। ਇਸ ਮੌਕੇ ਅਹਿਮ ਐਲਾਨ ਹੋ ਸਕਦੇ ਹਨ।

ਦੱਸ ਦਈਏ ਕਿ ਮੇਲਾ ਮਾਘੀ ਮੌਕੇ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਅੰਮ੍ਰਿਤਸਰ ਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਨਵੀਂ ਸਿਆਸੀ ਪਾਰਟੀ ਗਠਿਤ ਕਰਨ ਦੇ ਐਲਾਨ ਨਾਲ ਬਠਿੰਡਾ ਰੋਡ ਸਥਿਤ ‘ਗਰੀਨ ਸੀ’ ਵਿਖੇ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ।

ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਬਾਰਸ਼ ਕਾਰਨ ਕਾਨਫਰੰਸ ਦਾ ਥਾਂ ਬਦਲ ਕੇ ਬਠਿੰਡਾ ਰੋਡ ਸਥਿਤ ਗਰੀਨ ਸੀ ਰਿਜ਼ੋਰਟ ਰੱਖਿਆ ਗਿਆ ਹੈ। ਕਾਨਫਰੰਸ ਨੂੰ ਐਮਪੀ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਤੇ ਇਸ ਦੇ ਵਿਸਥਾਰ ਵਾਸਤੇ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਉਧਰ, ਅਕਾਲੀ ਦਲ ਬਾਦਲ ਵੱਲੋਂ ਆਪਣੀ ਪੱਕੀ ਜਗ੍ਹਾ ਜੋ ਮਲੋਟ ਰੋਡ ਬਾਈਪਾਸ ਉਪਰ ਸਥਿਤ ਹੈ, ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਵਾਸਤੇ ਪੀਲੇ ਤੇ ਨੀਲੇ ਰੰਗ ਦਾ ਵਿਸ਼ਾਲ ਟੈਂਟ ਲਾਇਆ ਜਾ ਰਿਹਾ ਹੈ।  ਦਲ ਦੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬ ਭਰ ਦੇ ਆਗੂ, ਵਰਕਰ ਤੇ ਸੰਗਤ ਪੁੱਜੇਗੀ। ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਤੇ ਅਰਦਾਸ 14 ਜਨਵਰੀ ਨੂੰ ਸਵੇਰੇ 7 ਵਜੇ ਕੀਤੀ ਜਾਵੇਗੀ। ਉਸ ਉਪਰੰਤ ਸਿਆਸੀ ਕਾਨਫਰੰਸ ਹੋਵੇਗੀ ਜਿਸ ਨੂੰ ਸੁਖਬੀਰ ਸਿੰਘ ਬਾਦਲ ਸਣੇ ਸਮੂਹ ਆਗੂ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਕਾਨਫਰੰਸ ਪੰਡਾਲ ਵਿੱਚ ਕੁਰਸੀਆਂ ਲਾਈਆਂ ਜਾਣਗੀਆਂ ਕਿਉਂਕੇ ਠੰਢ ਤੇ ਬਾਰਸ਼ ਹੋਣ ਕਰਕੇ ਥੱਲੇ ਬੈਠਣਾ ਮੁਸ਼ਕਲ ਹੁੰਦਾ ਹੈ। ਟੈਂਟ ਵਾਟਰ ਪਰੂਫ ਹੈ।

ਇਸ ਦੇ ਨਾਲ ਹੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ 14 ਜਨਵਰੀ ਨੂੰ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸ਼ਾਮਲ ਹੋਣਗੇ। ਹਲਕਾ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਡੇਰਾ ਭਾਈ ਮਸਤਾਨ ਸਿੰਘ, ਮਲੋਟ ਰੋਡ ਵਿਖੇ ਹੋਵੇਗੀ। ਇਸ ’ਚ ਵੱਡੀ ਗਿਣਤੀ ’ਚ ਆਗੂ ਸ਼ਾਮਲ ਹੋਣਗੇ।

ਹਾਸਲ ਜਾਣਕਾਰੀ ਮੁਤਾਬਕ 13 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਲੱਖ ਤੋਂ ਵੱਧ ਗਿਣਤੀ ’ਚ ਸ਼ਰਧਾਲੂ ਚਾਲ੍ਹੀ ਮੁਕਤਿਆਂ ਨੂੰ ਨਤਮਸਤਕ ਹੋਣ ਵਾਸਤੇ ਸ੍ਰੀ ਦਰਬਾਰ ਸਾਹਿਬ ਪੁੱਜਦੇ ਹਨ। ਇਸ ਵਾਸਤੇ ਦਰਸ਼ਨ-ਇਸ਼ਨਾਨ ਕਰਨ, ਪ੍ਰਸ਼ਾਦ ਕਰਾਉਣ, ਰਾਤ ਨੂੰ ਵਿਸ਼ਰਾਮ ਕਰਨ ਤੇ ਲੰਗਰ-ਪਾਣੀ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ 12 ਜਨਵਰੀ ਤੋਂ ਅਰੰਭ ਹੋਏ ਅਖੰਡ ਪਾਠ ਦੇ ਭੋਗ 14 ਜਨਵਰੀ ਨੂੰ ਸਵੇਰੇ 7.30 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਏ ਜਾਣਗੇ।

ਉਨ੍ਹਾਂ ਨੇ ਦੱਸਿਆ ਕਿ ਭਾਈ ਮਹਾਂ ਸਿੰਘ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਦੀਵਾਨ ਤੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਇਸੇ ਦਿਨ ਗੇਟ ਨੰਬਰ ਚਾਰ ਤੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਜਾਵੇਗਾ, ਜਿਸ ਦੌਰਾਨ ਨਿਹੰਗ ਸਿੰਘ ਗਤਕੇ ਤੇ ਘੋੜ ਸਵਾਰੀ ਦੇ ਕਰਤੱਬ ਵਿਖਾਉਣਗੇ। ਉਨ੍ਹਾਂ ਸੰਗਤ ਨੂੰ ਨਸ਼ੇ ਦਾ ਸੇਵਨ ਨਾ ਕਰਨ ਤੇ ਕੀਮਤੀ ਗਹਿਣੇ ਪਹਿਨ ਕੇ ਨਾ ਆਉਣ ਦੀ ਅਪੀਲ ਕੀਤੀ ਹੈ।

ਉਧਰ, ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਮੇਲੇ ਵਿੱਚ ਦਾਖ਼ਲ ਹੋਣ ਦਾ ਰੂਟ ਪਲਾਨ ਜਾਰੀ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਮੇਲੇ ਵਾਲੇ ਦਿਨ ਕੋਟਕਪੂਰਾ ਰੋਡ, ਬਠਿੰਡਾ ਰੋਡ, ਮਲੋਟ ਰੋਡ, ਅਬੋਹਰ- ਪੰਨੀਵਾਲਾ ਰੋਡ, ਜਲਾਲਾਬਾਦ ਤੇ ਫਿਰੋਜ਼ਪੁਰ ਰੋਡ ਤੋਂ ਆਉਣ ਵਾਹਨਾਂ ਦਾ ਸ਼ਹਿਰੋਂ ਬਾਹਰ ਖੜ੍ਹਾਉਣ ਤੇ ਅੱਗੇ ਜਾਣ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ।

ਉਨ੍ਹਾਂ ਨੇ ਦੱਸਿਆ ਕਿ 15 ਐਮਰਜੈਂਸੀ ਪੁਲਿਸ ਸਹਾਇਤਾ ਕੇਂਦਰ ਬਣਾਏ ਗਏ ਹਨ। ਕਰੀਬ 80 ਨਾਕੇ ਲਾਏ ਗਏ ਹਨ। ਸੀਸੀਟੀਵੀ ਕੈਮਰੇ, ਡੌਗ ਸਕੁਐਡ, ਗੋਤਾਖੋਰ, ਫਸਟਏਡ ਟੀਮਾਂ, ਕਰੇਨਾਂ ਤੇ ਹੋਰ ਪ੍ਰਬੰਧ ਕੀਤੇ ਗਏ ਹਨ। ਕਿਸੇ ਮੁਸੀਬਤ ਸਮੇਂ ਲੋਕ ਪੁਲੀਸ ਸਹਾਇਤਾ ਲਈ ਫੋਨ ਨੰਬਰ 01633-263622, 80543-70100, 85560-12400, 112 ’ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here