ਅਜਨਾਲਾ ‘ਚ ਇੱਕ ਵਾਰ ਫਿਰ ਚਾਈਨਾ ਡੋਰ ਇੱਕ ਪਰਿਵਾਰ ‘ਤੇ ਕਹਿਰ ਬਣ ਕੇ ਟੁੱਟੀ ਹੈ, ਜਿਸ ਦੀ ਚਲਦਿਆਂ ਲੋਹੜੀ ਵਾਲੇ ਪਵਿੱਤਰ ਦਿਨ ਹੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਇੱਕ ਵਾਰ ਫਿਰ ਇੱਕ ਪਰਿਵਾਰ ‘ਤੇ ਕਹਿਰ ਬਣ ਟੁੱਟੀ, ਜਦ 19-20 ਸਾਲ ਦੇ ਨੌਜਵਾਨ ਦੀ ਚਾਈਨਾ ਡੋਰ ਨਾਲ ਗਲਾ ਕੱਟਣ ਕਾਰਨ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਵਨਦੀਪ ਸਿੰਘ ਪੁੱਤਰ ਜਗੀਰ ਸਿੰਘ ਉਮਰ ਅਜਨਾਲੇ ਤੋਂ ਆਪਣੇ ਪਿੰਡ ਭਲਾ ਪਿੰਡ ਵੱਲ ਨੂੰ ਜਾ ਰਿਹਾ ਸੀ ਰਸਤੇ ਵਿੱਚ ਥੋੜ੍ਹੀ ਹੀ ਦੂਰ ਜਾ ਕੇ ਉਸ ਦੇ ਗਲੇ ਵਿੱਚ ਚਾਈਨਾ ਡੋਰ ਫਿਰ ਗਈ ਅਤੇ ਉਹ ਉੱਥੇ ਹੀ ਡਿੱਗ ਪਿਆ।
ਰੇਹੜੀ ‘ਤੇ ਪਾ ਕੇ ਅਜਨਾਲਾ ਹਸਪਤਾਲ ਲਿਆਂਦਾ, ਪਰ…ਹੋ ਗਈ ਮੌਤ
ਪ੍ਰਤੱਖਦਰਸ਼ੀਆਂ ਮੁਤਾਬਿਕ ਉਹ ਕਿੰਨਾ ਚਿਰ ਪਹਿਲਾਂ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਪਰ ਕੋਈ ਵੀ ਸਹਾਇਤਾ ਨਾ ਮਿਲਣ ਕਾਰਨ ਉਹ ਉਸ ਨੂੰ ਰੇਹੜੀ ਦੇ ਪਾ ਕੇ ਹੀ ਸਰਕਾਰੀ ਹਸਪਤਾਲ ਅਜਨਾਲਾ ਲੈ ਕੇ ਆਏ, ਜਿੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ‘ਤੇ ਲਾਏ ਇਲਜ਼ਾਮ
ਪਰਿਵਾਰਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਹਸਪਤਾਲ ਵੱਲੋਂ ਮ੍ਰਿਤਕ ਪਵਨਦੀਪ ਨੂੰ ਕੋਈ ਵੀ ਟਰੀਟਮੈਂਟ ਨਹੀਂ ਦਿੱਤਾ ਗਿਆ ਅਤੇ ਮਰਨ ਤੋਂ ਕਾਫੀ ਚਿਰ ਬਾਅਦ ਉਸਦੀ ਈਸੀਜੀ ਕੀਤੀ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਕਰਮਚਾਰੀਆਂ ਨਾਲ ਬਹਿਸਬਾਜ਼ੀ ਵੀ ਕੀਤੀ ਅਤੇ ਕੁਝ ਸਮੇਂ ਲਈ ਮਾਹੌਲ ਬਹੁਤ ਜਿਆਦਾ ਤਲਖੀ ਭਰਿਆ ਹੋ ਗਿਆ ਸੀ।
ਮੌਕੇ ਪਹੁੰਚੇ ਪੁਲਿਸ ਥਾਣਾ ਅਜਨਾਲਾ ਦੇ ਐਡੀਸ਼ਨਲ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਬਾਅਦ ਵਿੱਚ ਉਨ੍ਹਾਂ ਦੀ ਪਛਾਣ ਕਰਕੇ ਨਾਮਜ਼ਦ ਕਰ ਲਿਆ ਜਾਵੇਗਾ।