ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਜਹਾਜ਼ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ‘ਤੇ ਉਤਰਿਆ। ਡਿਪੋਰਟ ਕੀਤੇ ਗਏ ਪਰਵਾਸੀਆਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਇਹ ਲੋਕ 35 ਤੋਂ 40 ਲੱਖ ਰੁਪਏ ਖਰਚ ਕੇ ਅਮਰੀਕਾ ਗਏ ਸੀ।
ਅਮਰੀਕਾ ਵਿੱਚ ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ ਦੀ ਸੂਚੀ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ 104 ਭਾਰਤੀ ਨਾਗਰਿਕ ਸ਼ਾਮਲ ਹਨ। ਇਨ੍ਹਾਂ ਵਿੱਚ ਗੁਜਰਾਤ ਦੇ 33, ਪੰਜਾਬ ਦੇ 30, ਯੂਪੀ ਦੇ 3, ਹਰਿਆਣਾ ਦੇ 33, ਚੰਡੀਗੜ੍ਹ ਦੇ 2 ਤੇ ਮਹਾਰਾਸ਼ਟਰ ਦੇ 3 ਨਾਗਰਿਕ ਸ਼ਾਮਲ ਹਨ। ਡਿਰੋਪਰਟ ਕੀਤੇ ਭਾਰਤੀਆਂ ਵਿੱਚ 18 ਸਾਲ ਤੋਂ ਘੱਟ ਉਮਰ ਦੇ 12 ਬੱਚੇ ਤੇ ਲਗਪਗ 24 ਔਰਤਾਂ ਸ਼ਾਮਲ ਹਨ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਜਲੰਧਰ ਦੇ ਚਾਰ ਨੌਜਵਾਨ ਸ਼ਾਮਲ ਹਨ। ਇਨ੍ਹਾਂ ਵਿੱਚ ਜਸਕਰਨ ਸਿੰਘ ਵਾਸੀ ਸਲਾਰਪੁਰ, ਪਲਵੀਰ ਸਿੰਘ ਵਾਸੀ ਜਲੰਧਰ ਛਾਉਣੀ, ਸੁਖਦੀਪ ਵਾਸੀ ਲੱਲੀਆਂ ਜਲੰਧਰ ਤੇ ਦਵਿੰਦਰਜੀਤ ਵਾਸੀ ਲਾਂਡਰਾ ਜਲੰਧਰ ਸ਼ਾਮਲ ਹਨ। ਕਪੂਰਥਲਾ ਦੇ ਛੇ ਨੌਜਵਾਨਾਂ ਦੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਹਵਾਈ ਅੱਡੇ ‘ਤੇ ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਸਾਰਿਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ।
ਦੱਸ ਦਈਏ ਕਿ ਅਮਰੀਕੀ ਫੌਜ ਦਾ ਇੱਕ ਫੌਜੀ ਜਹਾਜ਼ ਸੀ-17 ਅਮਰੀਕਾ ਦੇ ਸੈਨ ਐਂਟੋਨੀਓ ਤੋਂ ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਿਆ ਹੈ। ਇਸ ਜਹਾਜ਼ ਵਿੱਚ ਕੁੱਲ 104 ਭਾਰਤੀ ਸਵਾਰ ਹਨ। ਇਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਮਰੀਕੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਇਹ ਵੀ ਸ਼ੱਕ ਹੈ ਕਿ ਇਨ੍ਹਾਂ ਵਿੱਚ ਕਈ ਅਜਿਹੇ ਲੋਕ ਹੋ ਸਕਦੇ ਹਨ ਜਿਨ੍ਹਾਂ ਵਿਰੁੱਧ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਵੀ ਕੀਤੀ ਜਾਵੇਗੀ ਤੇ ਮੌਕੇ ‘ਤੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ਸਾਰੇ ਲੋਕਾਂ ਨੂੰ ਹੁਣ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਜੋ ਏਜੰਟਾਂ ਰਾਹੀਂ ਡੌਂਕੀ ਜ਼ਰੀਏ ਅਮਰੀਕਾ ਪਹੁੰਚੇ ਸੀ। ਡੌਂਕੀ ਰਾਹੀਂ ਅਮਰੀਕਾ ਭੇਜਣ ਲਈ ਏਜੰਟ ਪ੍ਰਤੀ ਵਿਅਕਤੀ 35 ਤੋਂ 40 ਲੱਖ ਰੁਪਏ ਵਸੂਲਦੇ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਮੈਕਸੀਕੋ, ਪਨਾਮਾ ਆਦਿ ਦੇ ਜੰਗਲਾਂ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਮਰੀਕਾ ਵੀ ਨਹੀਂ ਪਹੁੰਚ ਸਕਦੇ ਤੇ ਜੰਗਲਾਂ ਵਿੱਚ ਭੁੱਖ-ਪਿਆਸ ਨਾਲ ਮਰ ਜਾਂਦੇ ਹਨ।