ਕੀ 2032 ਤੱਕ ਧਰਤੀ ਖਤਮ ਹੋ ਜਾਵੇਗੀ ? ਇਹ ਸਵਾਲ ਇਸ ਲਈ ਹੈ ਕਿਉੱਕਿ ਨਾਸਾ ਨੇ ਧਰਤੀ ਵੱਲ ਵਧ ਰਹੇ ਇੱਕ ਗ੍ਰਹਿ ਦੀ ਇੱਕ ਝਲਕ ਦਿਖਾਈ ਹੈ। ਮੰਨਿਆ ਜਾ ਰਿਹਾ ਹੈ ਕਿ ਦਸੰਬਰ 2032 ਤੱਕ 2024 YR4 ਨਾਮ ਦਾ ਇਹ ਗ੍ਰਹਿ ਧਰਤੀ ਨਾਲ ਟਕਰਾ ਸਕਦਾ ਹੈ। ਵਿਗਿਆਨੀਆਂ ਦੇ ਅਨੁਸਾਰ, ਇਸ ਗ੍ਰਹਿ ਦੇ ਨਾਲ ਟਕਰਾਉਣ ਦੀ ਸੰਭਾਵਨਾ 1.8% ਤੋਂ ਵਧ ਕੇ 2.3% ਹੋ ਗਈ ਹੈ। ਇਸਦਾ ਆਕਾਰ ਲਗਭਗ 300 ਫੁੱਟ (90 ਮੀਟਰ) ਤੱਕ ਹੋ ਸਕਦਾ ਹੈ। 1908 ਵਿੱਚ ਸਾਇਬੇਰੀਆ ਦੇ ਤੁੰਗੁਸਕਾ ਖੇਤਰ ਵਿੱਚ ਡਿੱਗਿਆ ਐਸਟਰਾਇਡ ਲਗਭਗ ਇਸ ਆਕਾਰ ਦਾ ਸੀ।
ਧਰਤੀ ਨਾਲ ਟਕਰਾਉਣ ‘ਤੇ ਕਿੰਨੀ ਹੋਵੇਗੀ ਤਬਾਹੀ ?
1908 ਵਿੱਚ, ਸਾਇਬੇਰੀਆ ਦੇ ਤੁੰਗੁਸਕਾ ਜੰਗਲ ਵਿੱਚ ਇੱਕ ਵੱਡਾ ਗ੍ਰਹਿ ਧਮਾਕਾ ਹੋਇਆ ਸੀ। 830 ਵਰਗ ਮੀਲ (2,150 ਵਰਗ ਕਿਲੋਮੀਟਰ) ਦਾ ਖੇਤਰ ਤਬਾਹ ਹੋ ਗਿਆ ਸੀ। ਇਹ ਗ੍ਰਹਿ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦੇ ਹੀ ਫਟ ਗਿਆ, ਜਿਸ ਕਾਰਨ ਕੋਈ ਟੋਆ ਨਹੀਂ ਬਣਿਆ, ਸਗੋਂ ਲੱਖਾਂ ਦਰੱਖਤ ਤਬਾਹ ਹੋ ਗਏ। ਜੇਕਰ 2024 YR4 ਧਰਤੀ ਨਾਲ ਟਕਰਾਉਂਦਾ ਹੈ, ਤਾਂ ਇਹ ਇੱਕ ਛੋਟੇ ਜਿਹੇ ਸ਼ਹਿਰ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਪਰ ਇਹ ਦੁਨੀਆਂ ਦੇ ਅੰਤ ਵਰਗੀ ਕੋਈ ਸਥਿਤੀ ਨਹੀਂ ਲਿਆਏਗਾ।
ਐਸਟੋਰੋਇਡ ਦੇ ਧਰਤੀ ਨਾਲ ਟਕਰਾਉਣ ਦੀ ਕਿੰਨੇ ਫ਼ੀਸਦੀ ਸੰਭਾਵਨਾ ?
ਯੂਰਪੀਅਨ ਸਪੇਸ ਏਜੰਸੀ (ਈਐਸਏ) ਦੇ ਅਨੁਸਾਰ, ਇਹ ਗ੍ਰਹਿ 22 ਦਸੰਬਰ 2032 ਨੂੰ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ। ESA ਦਾ ਕਹਿਣਾ ਹੈ ਕਿ 99% ਸੰਭਾਵਨਾ ਹੈ ਕਿ ਇਹ ਧਰਤੀ ਤੋਂ ਸੁਰੱਖਿਅਤ ਢੰਗ ਨਾਲ ਲੰਘੇਗਾ। ਹਾਲਾਂਕਿ, ਇਹ ਅਜੇ ਵੀ ਟੋਰੀਨੋ ਇਮਪੈਕਟ ਹੈਜ਼ਰਡ ਸਕੇਲ ‘ਤੇ 3 ਦੀ ਰੇਟਿੰਗ ਰੱਖਦਾ ਹੈ। ਇਹ ਪੈਮਾਨਾ 0 ਤੋਂ 10 ਤੱਕ ਹੈ, ਜਿੱਥੇ 0 ਦਾ ਮਤਲਬ ਕੋਈ ਖ਼ਤਰਾ ਨਹੀਂ ਹੈ ਅਤੇ 10 ਦਾ ਮਤਲਬ ਸਭਿਅਤਾ ਖ਼ਤਮ ਹੋ ਸਕਦੀ ਹੈ।
ਐਡਿਨਬਰਗ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕੋਲਿਨ ਸਨੋਡਗ੍ਰਾਸ ਨੇ ‘ਦਿ ਗਾਰਡੀਅਨ’ ਨੂੰ ਦੱਸਿਆ, ‘ਸਭ ਤੋਂ ਜ਼ਿਆਦਾ ਸੰਭਾਵਨਾ ਇਹ ਹੈ ਕਿ ਇਹ ਐਸਟਰਾਇਡ ਬਿਨਾਂ ਕਿਸੇ ਨੁਕਸਾਨ ਦੇ ਧਰਤੀ ਦੇ ਨੇੜੇ ਤੋਂ ਲੰਘੇਗਾ। ਸਾਨੂੰ ਇਸ ਦਾ ਹੋਰ ਅਧਿਐਨ ਕਰਨ ਦੀ ਲੋੜ ਹੈ ਤਾਂ ਜੋ ਇਸਦੀ ਔਰਬਿਟ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ।
ਕਿਵੇਂ ਰੋਕਿਆ ਜਾ ਸਕਦਾ ਹੈ ਇਹ ਐਸਟੇਰੋਇਡ ?
ਜੇਕਰ ਇਹ ਗ੍ਰਹਿ ਸੱਚਮੁੱਚ ਧਰਤੀ ਨਾਲ ਟਕਰਾਉਣ ਵੱਲ ਵਧਦਾ ਹੈ, ਤਾਂ ਨਾਸਾ ਕੋਲ ਇਸ ਨੂੰ ਰੋਕਣ ਦੀ ਰਣਨੀਤੀ ਹੈ। 2022 ਵਿੱਚ DART ਮਿਸ਼ਨ ਦੇ ਤਹਿਤ, ਨਾਸਾ ਨੇ ਜਾਣਬੁੱਝ ਕੇ ਇੱਕ ਪੁਲਾੜ ਯਾਨ ਨੂੰ ਇੱਕ ਐਸਟੇਰੋਇਡ ਨਾਲ ਟਕਰਾਇਆ, ਜਿਸ ਤੋਂ ਬਾਅ ਉਹ ਆਪਣੀ ਦਿਸ਼ਾ ਬਦਲਿਆ। ਜੇਕਰ 2024 YR4 ਦਾ ਖ਼ਤਰਾ ਵਧਦਾ ਹੈ, ਤਾਂ DART ਵਰਗੀਆਂ ਤਕਨੀਕਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਇਸਦੀ ਗਤੀ ਅਤੇ ਔਰਬਿਟ ਨਾਲ ਸਬੰਧਤ ਡੇਟਾ ਅਪਡੇਟ ਕੀਤਾ ਜਾਂਦਾ ਹੈ, ਇਸਦੀ ਟੱਕਰ ਦੀ ਸੰਭਾਵਨਾ ਲਗਭਗ ਜ਼ੀਰੋ ਹੋ ਸਕਦੀ ਹੈ।