ਪਟਿਆਲਾ ਕੋਰਟ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਸ਼ਖਸ ਐਡੀਸ਼ਨਲ ਸਬ ਜੁਡੀਸ਼ਲ ਮੈਜਿਸਟਰੇਟ ਨਵਦੀਪ ਕੌਰ ਗਿੱਲ ਦੀ ਕੋਰਟ ’ਚ ਡੈਸਕ ’ਤੇ ਚੜ੍ਹ ਗਿਆ। ਇਨ੍ਹਾਂ ਹੀ ਨਹੀਂ ਡੈਸਕ ’ਤੇ ਚੜ੍ਹ ਕੇ ਸ਼੍ਰੀ ਸਾਹਿਬ ਵੀ ਕੱਢ ਲਿਆ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਦੱਸ ਦਈਏ ਕਿ ਜੋ ਵਿਅਕਤੀ ਜੱਜ ਦੇ ਡੈਸਕ ’ਤੇ ਚੜ੍ਹਿਆ ਸੀ ਉਹ ਨਿਹੰਗ ਸਿੰਘ ਦੇ ਬਾਣੇ ’ਚ ਸੀ। ਜਿਸ ਦੀ ਪਛਾਣ ਗੁਰਪਾਲ ਸਿੰਘ ਵਾਸੀ ਤ੍ਰਿਪੜੀ ਵਜੋਂ ਹੋਈ ਹੈ। ਜੋ ਕਿ ਦਿਮਾਗੀ ਤੌਰ ’ਤੇ ਪਰੇਸ਼ਾਨ ਵੀ ਦੱਸਿਆ ਜਾ ਰਿਹਾ ਹੈ ਅਤੇ ਇਸਦਾ ਕੋਈ ਅਪਰਾਧਿਕ ਰਿਕਾਰਡ ਵੀ ਸਾਹਮਣੇ ਨਹੀਂ ਆਇਆ ਹੈ।
ਫਿਲਹਾਲ ਪੁਲਿਸ ਡੀਐਸਪੀ ਸਤਨਾਮ ਸਿੰਘ ਦੇ ਦੁਆਰਾ ਅੱਜ ਕੋਰਟ ਦੀ ਸੁਰੱਖਿਆ ਚੈੱਕ ਕੀਤੀ ਗਈ ਅਤੇ ਇਸ ਸੁਰੱਖਿਆ ਕੁਤਾਹੀ ਦੇ ਸਬੰਧ ’ਚ ਕੋਰਟ ’ਚ ਤੈਨਾਤ ਸੁਰੱਖਿਆ ਇੰਚਾਰਜ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸਦੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਮੁਲਜ਼ਮ ਨਿਹੰਗ ਸਿੰਘ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਵਿਅਕਤੀ ਦੇ ਉੱਪਰ ਕੱਲ ਹੀ ਥਾਣਾ ਲਾਹੌਰੀ ਗੇਟ ਦੇ ਵਿੱਚ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦੇ ਦਿੱਤਾ ਗਿਆ ਸੀ।