ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ, 4 ਮਾਰਚ ਨੂੰ ਲਾਡੋਵਾਲ ਥਾਣੇ ਦੀ ਪੁਲਿਸ ਨੇ ਪਿੰਡ ਤਲਵੰਡੀ ਕਲਾਂ ਦੇ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਸ ਤਹਿਤ ਪੁਲਿਸ ਨੇ ਨਸ਼ਾ ਤਸਕਰਾਂ ਸ਼ਿਦਰ ਪਾਲ ਉਰਫ਼ ਨਿੱਕਾ ਅਤੇ ਰਾਣੀ ਵੱਲੋਂ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਬਣਾਏ ਗਏ ਘਰਾਂ ਨੂੰ ਬੁਲਡੋਜ਼ਰ ਦੀ ਵਰਤੋਂ ਕਰਕੇ ਢਾਹ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਰਮਨਦੀਪ ਸਿੰਘ ਭੁੱਲਰ, ਏਸੀਪੀ ਵੈਸਟ ਗੁਰਦੇਵ ਸਿੰਘ, ਏਸੀਪੀ ਉੱਤਰੀ ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਅੱਜ ਜਿਨ੍ਹਾਂ ਨਸ਼ਾ ਤਸਕਰਾਂ ਦੇ ਸਰਕਾਰੀ ਜ਼ਮੀਨ ‘ਤੇ ਬਣੇ ਘਰ ਢਾਹ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਨਸ਼ਾ ਤਸਕਰ ਸ਼ਿਦਰ ਪਾਲ ਵਿਰੁੱਧ ਨਸ਼ਾ ਤਸਕਰੀ ਦੇ 9 ਮਾਮਲੇ ਦਰਜ ਹਨ, ਜਦੋਂ ਕਿ ਨਸ਼ਾ ਤਸਕਰ ਔਰਤ ਰਾਣੀ ਵਿਰੁੱਧ ਨਸ਼ਾ ਤਸਕਰੀ ਦੇ ਪੰਜ ਮਾਮਲੇ ਦਰਜ ਹਨ, ਜਿਸ ਤੋਂ ਬਾਅਦ ਪੁਲਿਸ ਨੇ ਬੁਲਡੋਜ਼ਰ ਦੀ ਮਦਦ ਨਾਲ ਰੇਲਵੇ ਲਾਈਨਾਂ ‘ਤੇ ਨਾਜਾਇਜ਼ ਕਬਜ਼ੇ ਵਾਲੀਆਂ ਇੱਕ ਦਰਜਨ ਦੇ ਕਰੀਬ ਝੌਂਪੜੀਆਂ ਨੂੰ ਵੀ ਢਾਹ ਦਿੱਤਾ ਹੈ।
ਸੂਬਾ ਸਰਕਾਰ ਵੱਲੋਂ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ
ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ੇ ਵਿਰੁੱਧ ਜਾਰੀ ਹੈ,ਉਥੇ ਹੀ ਬੁਲਡੋਜ਼ਰ ਐਕਸ਼ਨ ਵੀ ਲਗਾਤਾਰ ਕੀਤੇ ਜਾ ਰਹੇ ਹਨ। ਇਸ ਸਿਲਸਿਲ ਦੇ ਚੱਲਦੇ ਫਿਲੌਰ, ਪਟਿਆਲਾ, ਬਠਿੰਡਾ, ਜਲੰਧਰ ਤੱਕ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ। ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦਾ ਨਸ਼ਾ ਤਸਕਰਾਂ ਨੂੰ ਸਾਫ਼ ਅਤੇ ਸਪੱਸ਼ਟ ਸੰਦੇਸ਼ ਹੈ ਕਿ ਉਹ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਦੇਣ।
‘ਬੁਲਡੋਜ਼ਰ’ ਐਕਸ਼ਨ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਮੰਗਿਆ ਜਵਾਬ
ਦੱਸ ਦਈਏ ਬੀਤੇ ਦਿਨੀਂ ਹੀ ਨਸ਼ਾ ਤਸਕਰਾਂ ਖਿਲਾਫ਼ ਸਰਕਾਰ ਵਲੋਂ ਚਲਾਇਆ ਜਾ ਰਿਹਾ ‘ਬੁਲਡੋਜ਼ਰ’ ਐਕਸ਼ਨ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਾਈ ਹੋਈ। ਜਿਸ ਤੋਂ ਬਾਅਦ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਦਾ ਜਵਾਬ ਮੰਗਿਆ ਗਿਾ ਹੈ।