ਸੋਮਵਾਰ ਦੇਰ ਸ਼ਾਮ ਪੰਜਾਬ ਦੇ ਪਟਿਆਲਾ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਬੰਬੀਹਾ ਗੈਂਗ ਦਾ ਮੁੱਖ ਹਥਿਆਰ ਸਪਲਾਇਰ ਜ਼ਖਮੀ ਹੋ ਗਿਆ। ਮੁਲਜ਼ਮ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਤੇਜੀ ਵਜੋਂ ਹੋਈ ਹੈ, ਜੋ ਕਿ ਪਿੰਡ ਉੱਪਲਹੇੜੀ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ। ਐਨਕਾਊਂਟਰ ਦੌਰਾਨ ਗੈਂਗਸਟਰ ਦੀ ਲੱਤ ‘ਚ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਸ ਕੋਲੋਂ ਇੱਕ ਰਿਵਾਲਵਰ, ਦੋ ਚੱਲੇ ਹੋਏ ਕਾਰਤੂਸ ਅਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕਰਕੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੈਂਗਸਟਰ ਵੱਲੋਂ ਪੁਲਿਸ ਪਾਰਟੀ ਉੱਤੇ ਕੀਤੀ ਗਈ ਫਾਇਰਿੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈਲ ਪੁਲਿਸ ਰਾਜਪੁਰਾਂ ਨੂੰ ਸੂਚਨਾ ਮਿਲੀ ਕਿ ਬੰਬੀਹਾ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਰਾਜਪੁਰਾ ਦੇ ਕਵਾਰਟਰਾਂ ਨੇੜੇ ਮੋਟਰਸਾਈਕਲ ਦੇ ਉੱਤੇ ਘੁੰਮ ਰਿਹਾ ਹੈ। ਅਤੇ ਉਸਦੇ ਕੋਲ ਗ਼ੈਰ ਕਾਨੂੰਨੀ ਅਸਲੇ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ ਵੀ ਹਨ। ਜਿਸ ਤੋਂ ਬਾਅਦ ਸਪੈਸ਼ਲ ਸੈਲ ਰਾਜਪੁਰਾ ਪੁਲਿਸ ਦੇ ਇੰਚਾਰਜ ਹੈਰੀ ਬੋਪਾਰਾਏ ਵੱਲੋਂ ਪੁਲਿਸ ਪਾਰਟੀ ਸਮੇਤ ਜਦੋਂ ਨਾਕਾਬੰਦੀ ਕੀਤੀ ਤਾਂ ਮੋਟਰਸਾਈਕਲ ਤੇ ਆ ਰਹੇ ਗੈਂਗਸਟਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵੱਲੋਂ ਆਪਣੀ ਰਿਵਾਲਵਰ ਦੇ ਨਾਲ ਪੁਲਿਸ ਪਾਰਟੀ ਉੱਤੇ ਫਾਇਰਿੰਗ ਕੀਤੀ ਤਾਂ ਜਿਸ ਵਿੱਚੋਂ ਇੱਕ ਗੋਲੀ ਪੁਲਿਸ ਟੀਮ ਦੇ ਵਹੀਕਲ ਦੇ ਬੋਨਟ ‘ਤੇ ਲੱਗੀ ਅਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ।
ਗੈਂਗਸਟਰ ਉੱਤੇ ਪਹਿਲਾਂ ਹੀ 5 ਪਰਚੇ ਚੱਲਦੇ
ਜਵਾਬੀ ਕਾਰਵਾਈ ਵਿੱਚ ਸਪੈਸ਼ਲ ਸੈਲ ਰਾਜਪੁਰਾ ਪੁਲਿਸ ਵੱਲੋਂ ਉਸ ਦੀ ਲੱਤ ‘ਤੇ ਗੋਲੀ ਮਾਰੀ ਗਈ ਅਤੇ ਉਹ ਗੰਭੀਰ ਜਖਮੀ ਹੋ ਗਿਆ। ਜਿਸਨੂੰ ਕਾਬੂ ਕਰਕੇ ਇਲਾਜ ਦੇ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ। ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਗੈਂਗਸਟਰ ਦਾ ਨਾਮ ਤਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਉਪਲਹੇੜੀ ਨਾਲ ਸੰਬੰਧਿਤ ਹੈ। ਉਸ ਉੱਤੇ ਤਿੰਨ ਆਰਮਜ ਐਕਟ, ਇੱਕ ਐਨਡੀਪੀਐਸ ਸਮੇਤ ਕੁੱਲ 5 ਪਰਚੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਹਨ। ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ ਅਤੇ ਬੰਬੀਹਾ ਗਰੁੱਪ ਨੂੰ ਪਿਛਲੇ ਕਾਫੀ ਸਮੇਂ ਤੋਂ ਅਸਲਾ ਸਪਲਾਈ ਕਰਦਾ ਰਿਹਾ ਹੈ।
ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਤੋਂ ਇੱਕ 32 ਬੋਰ ਪਿਸਤੌਲ, 2 ਚਲੇ ਹੋਏ ਕਾਰਤੂਸ, 4 ਜ਼ਿੰਦਾ ਕਾਰਤੂਸ ਅਤੇ 900 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸੂਬੇ ਦੇ ਵੱਖ-ਵੱਖ ਥਾਣਿਆਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਗੈਂਗਸਟਰ ਦੇ ਖਿਲਾਫ ਕੁੱਲ ਕਿੰਨੇ ਮੁਕਦਮੇ ਦਰਜ ਹਨ। ਖਬਰ ਲਿਖੇ ਜਾਣ ਤੱਕ ਜਦੋਂ ਰਾਜਪੁਰਾ ਸ਼ਹਿਰ ਅੰਦਰ ਪੁਲਿਸ ਐਨਕਾਊਂਟਰ ਦੀ ਖਬਰ ਪਤਾ ਲੱਗ ਗੀ ਤਾਂ ਲੋਕਾਂ ਦੇ ਵਿੱਚ ਪੂਰਾ ਦੈਸ ਦਾ ਮਾਹੌਲ ਦੇਖਣ ਨੂੰ ਮਿਲਿਆ।