ਮੱਧ ਪ੍ਰਦੇਸ਼ : ਇੱਕ 77 ਸਾਲਾ ਵਿਅਕਤੀ ਨੂੰ ਇੱਕ ਡਾਕਟਰ ਨੇ ਬੇਰਹਿਮੀ ਨਾਲ ਕੁੱਟਿਆ, ਜਦੋਂ ਉਹ ਆਪਣੀ ਪਤਨੀ ਦੇ ਇਲਾਜ ਲਈ ਹਸਪਤਾਲ ਵਿੱਚ ਲਾਈਨ ਵਿੱਚ ਖੜ੍ਹਾ ਸੀ। ਡਾਕਟਰ ਨੇ ਬਜ਼ੁਰਗ ਨੂੰ ਗਲਮੇ ਤੋਂ ਫੜ ਲਿਆ ਅਤੇ ਉਸਨੂੰ ਥੱਪੜ ਮਾਰੇ। ਜਦੋਂ ਡਾਕਟਰ ਇਸ ਨਾਲ ਸੰਤੁਸ਼ਟ ਨਹੀਂ ਹੋਇਆ, ਤਾਂ ਉਸਨੇ ਬਜ਼ੁਰਗ ਦੇ ਪੈਰ ਫੜ ਲਏ ਅਤੇ ਉਸਨੂੰ ਹਸਪਤਾਲ ਦੇ ਫਰਸ਼ ‘ਤੇ ਘਸੀਟ ਕੇ ਪੁਲਿਸ ਸਟੇਸ਼ਨ ਲੈ ਜਾਣ ਲੱਗਾ। ਰੱਬ ਦਾ ਦੂਜਾ ਰੂਪ ਕਹੇ ਜਾਣ ਵਾਲੇ ਡਾਕਟਰ ਵੱਲੋਂ ਕੀਤੀ ਗੁੰਡਾਗਰਦੀ ਦਾ ਇਹ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਡਾਕਟਰ ਵੱਲੋਂ ਬਜ਼ੁਰਗ ਵਿਅਕਤੀ ਨੂੰ ਕੁੱਟਣ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।
ਦਰਅਸਲ ਇਹ ਮਾਮਲਾ ਛਤਰਪੁਰ ਜ਼ਿਲ੍ਹਾ ਹਸਪਤਾਲ ਨਾਲ ਸਬੰਧਤ ਹੈ। ਵਾਇਰਲ ਹੋ ਰਿਹਾ ਵੀਡੀਓ 17 ਅਪ੍ਰੈਲ ਦਾ ਦੱਸਿਆ ਜਾ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਹਸਪਤਾਲ ਪ੍ਰਸ਼ਾਸਨ ਹੁਣ ਮੁਲਜ਼ਮ ਡਾਕਟਰ ਵਿਰੁੱਧ ਜਾਂਚ ਕਰਨ ਅਤੇ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ।
ਵੀਡੀਓ ਬਣਦੀ ਵੇਖ ਕੇ ਭੱਜਿਆ ਡਾਕਟਰ
ਦੱਸਿਆ ਜਾ ਰਿਹਾ ਹੈ ਕਿ 17 ਅਪ੍ਰੈਲ ਨੂੰ ਸਵੇਰੇ 11:30 ਵਜੇ, ਜ਼ਿਲ੍ਹਾ ਹਸਪਤਾਲ ਵਿੱਚ ਇੱਕ 77 ਸਾਲਾ ਵਿਅਕਤੀ ਨੂੰ ਇੱਕ ਡਾਕਟਰ ਨੇ ਕੁੱਟਿਆ ਅਤੇ ਫਿਰ ਧਮਕੀਆਂ ਦਿੱਤੀਆਂ। ਡਾਕਟਰ ਨੇ ਬਜ਼ੁਰਗ ਨੂੰ ਹਸਪਤਾਲ ਦੇ ਪੁਲਿਸ ਸਟੇਸ਼ਨ ਵਿੱਚ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਜਦੋਂ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਡਾਕਟਰ ਉੱਥੋਂ ਭੱਜ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਬਜ਼ੁਰਗ ਨੂੰ ਕੁੱਟਣ ਵਾਲਾ ਡਾਕਟਰ ਕਮਰਾ ਨੰਬਰ 14 ਵਿੱਚ ਬੈਠਾ ਸੀ।
ਗੁੰਡਾਗਰਦੀ ਦਾ ਸ਼ਿਕਾਰ ਹੋਏ ਬਜ਼ੁਰਗ ਨੇ ਸੁਣਾਈ ਹੱਡਬੀਤੀ
ਡਾਕਟਰ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਵਿਅਕਤੀ ਦਾ ਨਾਮ ਊਧਵਲਾਲ ਜੋਸ਼ੀ ਹੈ। ਊਧਵਲਾਲ ਦੀ ਉਮਰ 77 ਸਾਲ ਹੈ। ਉਸ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਕਈ ਦਿਨਾਂ ਤੋਂ ਪੇਟ ਦੀ ਸਮੱਸਿਆ ਸੀ। ਉਸ ਦੇ ਇਲਾਜ ਲਈ ਉਹ ਹਸਪਤਾਲ ਆਏ ਸਨ, ਜਿੱਥੇ ਉਹ ਲਾਈਨ ਵਿੱਚ ਖੜੇ ਸਨ। ਫਿਰ ਡਾਕਟਰ ਆਇਆ ਅਤੇ ਭੀੜ ਵੱਧ ਹੋਣ ਕਾਰਨ ਪੁੱਛਣ ਲੱਗਿਆ ਕਿ ਲਾਈਨ ਵਿੱਚ ਕਿਉਂ ਖੜੇ ਹੋ।
ਹਸਪਤਾਲ ਦੇ ਪ੍ਰਬੰਧਕਾਂ ਦਾ ਕੀ ਹੈ ਕਹਿਣਾ ?
ਜਦੋਂ ਛਤਰਪੁਰ ਜ਼ਿਲ੍ਹਾ ਹਸਪਤਾਲ ਦੇ ਡਾ. ਜੀ.ਐਲ. ਅਹੀਰਵਾਰ ਨਾਲ ਵਾਇਰਲ ਵੀਡੀਓ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।