ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ, ਜਿਸ ਵਿੱਚ 95 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਕੁੱਲ 2,77,746 ਵਿਚੋਂ 2,65,548 ਵਿਦਿਆਰਥੀ ਪਾਸ ਹੋਏ। ਇਸ ਵਾਰ ਤਿੰਨੋਂ ਕੁੜੀਆਂ ਨੇ ਟਾਪ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧਾਈਆਂ ਦਿੱਤੀਆਂ ਹਨ।
ਕੁੜੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 96.85% ਨੰਬਰ ਲਏ ਅਤੇ ਮੁੰਡਿਆਂ (94.50%) ਨੂੰ ਪਿੱਛੇ ਛੱਡ ਦਿੱਤਾ। ਸ਼ਹਿਰੀ ਖੇਤਰਾਂ ਵਿੱਚ ਪਾਸ ਪ੍ਰਤੀਸ਼ਤਤਾ 94.71% ਅਤੇ ਪੇਂਡੂ ਖੇਤਰਾਂ ਵਿੱਚ 96.09% ਰਹੀ, ਜੋ ਕਿ ਪੇਂਡੂ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ। ਸ਼ਹਿਰੀ ਖੇਤਰਾਂ ਵਿੱਚ ਪਾਸ ਪ੍ਰਤੀਸ਼ਤਤਾ 94.71% ਅਤੇ ਪੇਂਡੂ ਖੇਤਰਾਂ ਵਿੱਚ 96.09% ਰਹੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਗਏ। ਇਸ ਵਾਰ ਵੀ ਸਾਡੀਆਂ ਧੀਆਂ ਹੀ ਅੱਵਲ ਰਹੀਆਂ। ਜ਼ਿਲ੍ਹਾ ਫ਼ਰੀਦਕੋਟ ਦੀ ਅਕਸ਼ਨੂਰ ਕੌਰ ਨੇ ਪਹਿਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਅਤੇ ਜ਼ਿਲ੍ਹਾ ਮਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੱਵਲ ਆਈਆਂ ਕੁੜੀਆਂ ਸਮੇਤ ਪਾਸ ਹੋਏ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਸ਼ੁੱਭਕਾਮਨਾਵਾਂ।
ਕਿਹੜੇ ਸਕੂਲ ਨੇ ਮਾਰੀ ਬਾਜ਼ੀ
ਜ਼ਿਕਰ ਕਰ ਦਈਏ ਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਕੋਟ ਸੁਖੀਆਂ ਦੀ ਅਕਸਨੂਰ ਕੌਰ ਨੇ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਜਦੋਂ ਕਿ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਛੱਤੀਆਣਾ, ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਚੌਂਦਾ, ਮਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਿਵੇਂ ਕਰੀਏ ਨਤੀਜੇ ਚੈੱਕ ?
ਬੋਰਡ ਅਨੁਸਾਰ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ ਖੁੱਲ੍ਹੇਗਾ ਜਿੱਥੇ ਨਤੀਜਾ ਕਾਲਮ ਹੋਏਗਾ। ਤੁਹਾਨੂੰ ਉੱਥੇ ਆਪਣੀ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਨਤੀਜਾ ਨਜ਼ਰ ਆਵੇਗਾ।