ਮੋਹਾਲੀ ਵਿਚ ਬਿਜਲੀ ਸਪਲਾਈ ਦੀ ਲਗਾਤਾਰ ਕਮੀ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੈ। ਜਿਥੇ ਲੋਕ 12 ਤੋਂ 14 ਘੰਟੇ ਤੱਕ ਪੂਰੀ ਤਰ੍ਹਾਂ ਹਨੇਰੇ ‘ਚ ਜੀਅ ਰਹੇ ਹਨ ਕਿਉਂਕਿ ਉਹਨਾਂ ਦੇ ਇਨਵਰਟਰ ਵੀ ਫੇਲ ਹੋ ਚੁੱਕੇ ਹਨ।
ਇਸ ਗੰਭੀਰ ਮਾਮਲੇ ‘ਤੇ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਹੈ ਕਿ 300 ਯੂਨਿਟ ਫ੍ਰੀ ਬਿਜਲੀ ਤਾਂ ਦਿੰਦੇ ਹੋ ਪਰ ਜਦੋਂ ਬਿਜਲੀ ਆਏਗੀ ਹੀ ਨਹੀਂ ਤਾਂ ਲੋਕਾਂ ਨੂੰ ਫਾਇਦਾ ਕੀ। ਉਹਨਾ ਕਿਹਾ ਕਿ ਇਨ੍ਹਾਂ ਬਿਜਲੀ ਕੱਟਾਂ ਦੇ ਪਿੱਛੇ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਘਾਟ, ਢੁਕਵਾਂ ਇੰਫਰਾਸਟਰਕਚਰ ਨਾ ਹੋਣਾ ਅਤੇ ਮਸ਼ੀਨਰੀ ਦੀ ਕਮੀ ਜ਼ਿੰਮੇਵਾਰ ਹੈ।
ਮੋਹਾਲੀ ਦੇ ਨਵੇਂ ਵਿਕਸਿਤ ਸੈਕਟਰਾਂ ਜਿਵੇਂ 76 ਤੋਂ 80, 3ਬੀ1, ਟੀਡੀਆਈ, ਫੇਜ਼ 7, ਸੈਕਟਰ 76 ਤੋਂ 80 ਸਮੇਤ ਮੋਹਾਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਪਈ ਹੈ। ਡਿਪਟੀ ਮੇਅਰ ਬੇਦੀ ਨੇ ਕਿਹਾ, “ਅੱਜ ਮੋਹਾਲੀ ਦੇ ਲੋਕ 40 ਡਿਗਰੀ ਦੀ ਗਰਮੀ ‘ਚ ਬਿਜਲੀ ਤੋਂ ਬਿਨਾਂ ਜੀ ਰਹੇ ਹਨ। ਵੱਡੀ ਗਿਣਤੀ ‘ਚ ਸੀਨੀਅਰ ਸਿਟੀਜਨ ਅਤੇ ਬਿਮਾਰ ਲੋਕ ਕਨਸਟਰੇਟਰ, ਨੇਬੂਲਾਈਜ਼ਰ ਆਦਿ ਉੱਤੇ ਨਿਰਭਰ ਮਰੀਜ਼ਾਂ ਦੀ ਜਾਨ ਖਤਰੇ ‘ਚ ਹੈ।