ਆਰਟੀਕਲ 356 ਨੂੰ ਸ਼੍ਰੋਮਣੀ ਅਕਾਲੀ ਦਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਨੂੰ ਅਪੀਲ ਕੀਤੀ ਕਿ ਉਹ ਧਾਰਾ 356 ਖ਼ਤਮ ਕਰਨ ਦੀ ਸਿਫਾਰਸ਼ ਕਰੇ ਕਿਉਂਕਿ ਦੇਸ਼ ਵਿਚ ਇਕੋ ਵੇਲੇ ਚੋਣਾਂ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਹੈ।
ਅਕਾਲੀ ਦਲ ਦੇ ਵਫਦ, ਜਿਸਦੀ ਅਗਵਾਈ ਡਾ. ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ, ਨੇ ਸਾਂਝੀ ਸੰਸਦੀ ਕਮੇਟੀ ਨੂੰ ਆਖਿਆ ਕਿ ਜੇਕਰ ਧਾਰਾ 356 ਖ਼ਤਮ ਨਾ ਕੀਤੀ ਗਈ ਤਾਂ ਚੋਣਾਂ ਦੇ ਪ੍ਰੋਗਰਾਮ ਵਿਚ ਫਿਰ ਵਿਘਨ ਪੈ ਜਾਵੇਗਾ।
ਵਫਦ ਨੇ ਧਾਰਾ 82 ਏ ਉਪ ਧਾਰਾ 5 ਸ਼ਾਮਲ ਕਰਨ ਦਾ ਵਿਰੋਧ ਕੀਤਾ, ਜਿਸਦੇ ਨਾਲ ਚੋਣ ਕਮਿਸ਼ਨ ਨੂੰ ਵਿਧਾਨ ਸਭਾ ਚੋਣਾਂ ਟਾਲਣ ਦੀ ਤਾਕਤ ਹਾਸਲ ਹੋ ਜਾਵੇਗੀ। ਵਫਦ ਨੇ ਕਿਹਾ ਕਿ ਇਸ ਤਾਕਤ ਦੀ ਵਰਤੋਂ ਸਿਆਸੀ ਪਾਰਟੀਆਂ ਖਿਲਾਫ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ।
ਡਾ. ਦਲਜੀਤ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਨਿਰੰਤਰ ਜ਼ਿਮਨੀ ਚੋਣਾਂ ਦਾ ਵੀ ਕੋਈ ਹੱਲ ਕੱਢੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜ਼ਿਮਨੀ ਚੋਣਾਂ ਅਸਲ ਵਿਚ ਚੋਣ ਧਾਂਦਲੀਆਂ ਦੀ ਜੜ੍ਹ ਹਨ। ਉਹਨਾਂ ਤਜਵੀਜ਼ ਰੱਖੀ ਕਿ ਜੇਕਰ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤਾਂ ਪਾਰਟੀ ਨੂੰ ਬਾਕੀ ਰਹਿੰਦੇ ਸਮੇਂ ਲਈ ਉਹਨਾਂ ਦੀ ਥਾਂ ਕਿਸੇ ਹੋਰ ਆਗੂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
ਅਕਾਲੀ ਦਲ ਦੇ ਵਫਦ ਨੇ ਬਿੱਲ ਵਿਚ ਸੰਘੀ ਚਿੰਤਾਵਾਂ ਵੀ ਉਜਾਗਰ ਕੀਤੀਆਂ। ਉਹਨਾਂ ਕਿਹਾ ਕਿ ਇਸ ਬਿੱਲ ਨਾਲ ਫਾਇਦੇ ਜਾਂ ਸੁਧਾਰ ਨਾਲੋਂ ਨੁਕਸਾਨ ਜ਼ਿਆਦਾ ਹੋਵੇਗਾ।