ਭਾਰਤੀ ਕ੍ਰਿਕਟ ਦੇ ਤਿੰਨ ਮਹਾਨ ਖਿਡਾਰੀ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਇੱਕ ਜਾਂਚ ਏਜੰਸੀ ਦੇ ਸ਼ਿਕੰਜੇ ਵਿੱਚ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਐਪਸ ਦੇ ਪ੍ਰਮੋਸ਼ਨ ਨਾਲ ਜੁੜੇ ਇੱਕ ਮਾਮਲੇ ਵਿੱਚ ਇਨ੍ਹਾਂ ਸਾਬਕਾ ਕ੍ਰਿਕਟਰਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ਵਿੱਚ ਫਿਲਮ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਅਦਾਕਾਰ ਸੋਨੂੰ ਸੂਦ ਦਾ ਨਾਮ ਵੀ ਸਾਹਮਣੇ ਆਇਆ ਹੈ।
ਕਿਹੜੇ -ਕਿਹੜੇ ਆਰੋਪਾਂ ਦੀ ਹੋ ਰਹੀ ਹੈ ਜਾਂਚ
ਈਡੀ ਸੂਤਰਾਂ ਅਨੁਸਾਰ ਜਿਨ੍ਹਾਂ ਪਲੇਟਫਾਰਮਾਂ ਦੀ ਜਾਂਚ ਚੱਲ ਰਹੀ ਹੈ, ਉਹ ਖੁਦ ਨੂੰ ‘ਸਕਿੱਲ-ਅਧਾਰਤ ਗੇਮਿੰਗ ਐਪਸ’ ਵਜੋਂ ਪੇਸ਼ ਕਰਦੇ ਹਨ ਪਰ ਉਨ੍ਹਾਂ ਦੇ ਕੰਮਕਾਜ ਵਿੱਚ ਰਿਗਡ ਐਲਗੋਰਿਦਮ (ਪਹਿਲਾਂ ਤੋਂ ਨਿਰਧਾਰਤ ਨਤੀਜੇ) ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਉਹ ਜੂਆ ਐਕਟ ਦੇ ਦਾਇਰੇ ਵਿੱਚ ਆਉਂਦੇ ਹਨ। ਇਹ ਪਲੇਟਫਾਰਮ ਕਥਿਤ ਤੌਰ ‘ਤੇ ਜਾਅਲੀ ਵੈੱਬ ਲਿੰਕਾਂ ਅਤੇ QR ਕੋਡਾਂ ਰਾਹੀਂ ਉਪਭੋਗਤਾਵਾਂ ਨੂੰ ਸੱਟੇਬਾਜ਼ੀ ਸਾਈਟਾਂ ਵੱਲ ਭੇਜ ਰਹੇ ਸਨ।
ਖਿਡਾਰੀਆਂ ਤੋਂ ਕਿਸ ਸੰਦਰਭ ਵਿੱਚ ਪੁੱਛਗਿੱਛ ਕੀਤੀ ਗਈ ਸੀ?
ਰਿਪੋਰਟਾਂ ਅਨੁਸਾਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀਆਂ ਨੇ ਇਨ੍ਹਾਂ ਪਲੇਟਫਾਰਮਾਂ ਲਈ ਪ੍ਰਮੋਸ਼ਨ ਐਡਜ਼ ਕੀਤੇ ਸਨ। ਈਡੀ ਦਾ ਮੰਨਣਾ ਹੈ ਕਿ ਇਨ੍ਹਾਂ ਇਸ਼ਤਿਹਾਰਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਗੈਰ-ਕਾਨੂੰਨੀ ਪਲੇਟਫਾਰਮਾਂ ਵਿੱਚ ਸ਼ਾਮਲ ਹੋਏ, ਜਿਸ ਕਾਰਨ ਗੰਭੀਰ ਵਿੱਤੀ ਬੇਨਿਯਮੀਆਂ ਅਤੇ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ।
ਉਰਵਸ਼ੀ ਰੌਤੇਲਾ ਅਤੇ ਸੋਨੂੰ ਸੂਦ ਵਿਰੁੱਧ ਵੀ ਜਾਂਚ
ਮੀਡੀਆ ਰਿਪੋਰਟਾਂ ਅਨੁਸਾਰ, ਫਿਲਮੀ ਸਿਤਾਰੇ ਵੀ ਇਨ੍ਹਾਂ ਪਲੇਟਫਾਰਮਾਂ ਦੇ ਪ੍ਰਚਾਰ ਵਿੱਚ ਸ਼ਾਮਲ ਰਹੇ ਹਨ। ਜਾਂਚ ਏਜੰਸੀਆਂ ਨੇ ਉਰਵਸ਼ੀ ਰੌਤੇਲਾ ਅਤੇ ਸੋਨੂੰ ਸੂਦ ‘ਤੇ ਵੀ ਆਪਣੀਆਂ ਨਜ਼ਰਾਂ ਕੱਸ ਲਈਆਂ ਹਨ। ਪਲੇਟਫਾਰਮ ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈ ਕਿ ਇਸ਼ਤਿਹਾਰਾਂ ‘ਤੇ 50 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਇਸ ਵੇਲੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਈਡੀ ਇਹ ਯਕੀਨੀ ਬਣਾ ਰਹੀ ਹੈ ਕਿ ਪ੍ਰਚਾਰ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਅਣਜਾਣੇ ਵਿੱਚ ਵੀ ਗੈਰ-ਕਾਨੂੰਨੀ ਸੱਟੇਬਾਜ਼ੀ ਨੂੰ ਉਤਸ਼ਾਹਿਤ ਨਾ ਕਰ ਰਿਹਾ ਹੋਵੇ।