ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਰਹੀ ਹੈ। ਇਸ ਮੌਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿੱਚ ਨਸ਼ੇ ਦੀ ਵਧਦੀ ਸਮੱਸਿਆ ਉੱਤੇ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ ਸੂਬੇ ਦੀ ਮੌਜੂਦਾ ਸਰਕਾਰ ਨੂੰ “ਫਰਜ਼ੀ ਸਰਕਾਰ” ਕਰਾਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਰਕਾਰ ਪੰਜਾਬ ਨੂੰ “ਨਸ਼ਾ ਮੁਕਤ” ਬਣਾਉਣ ਦੀ ਬਜਾਏ “ਨਸ਼ਾ ਯੁਕਤ” ਬਣਾ ਰਹੀ ਹੈ।
ਇਸ ਸਬੰਧੀ ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਰਾਜ ਵਿੱਚ ਨੌਜਵਾਨਾਂ ਦੀ ਬਰਬਾਦੀ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪੋਸਟ ਵਿੱਚ ਕਿਹਾ, “ਮੈਂ ਹਮੇਸ਼ਾ ਕਹਿੰਦਾ ਹਾਂ ਕਿ ਇਸ ‘ਫਰਜ਼ੀ ਸਰਕਾਰ’ ਨੇ ਪੰਜਾਬ ਨੂੰ ‘ਨਸ਼ਾ ਮੁਕਤ’ ਨਹੀਂ ਬਲਕਿ ‘ਨਸ਼ਾ ਯੁਕਤ’ ਬਣਾ ਦਿੱਤਾ ਹੈ। ਕਰੋੜਾਂ ਰੁਪਏ ਦੀਆਂ ਝੂਠੀਆਂ ਮਸ਼ਹੂਰੀਆਂ ਹੇਠ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਨੌਜਵਾਨ ਸਿਸਟਮ ਤੋਂ ਹਾਰ ਕੇ ਆਪਣੀ ਮੌਤ ਮੰਗ ਰਹੇ ਹਨ, ਜੋ ਮੁੱਖ ਮੰਤਰੀ ਭਗਵੰਤ ਮਾਨ ਲਈ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ, ਅਬੋਹਰ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਪ੍ਰਸ਼ਾਸਨ ਤੋਂ ਇੱਛਾ ਮੌਤ ਦੀ ਮੰਗ ਕੀਤੀ ਹੈ ਨੌਜਵਾਨ ਨੇ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਸਨੂੰ ਇੱਛਾ ਮੌਤ ਦਿੱਤੀ ਜਾਵੇ। ਨਸ਼ੇ ਦੀ ਲਤ ਕਾਰਨ, ਨੌਜਵਾਨ ਨੇ ਘਰ ਵਿੱਚੋਂ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਅਤੇ ਵੇਚ ਦਿੱਤੀਆਂ। ਉਸਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਉਧਾਰ ਲਏ ਪੈਸੇ ਕਦੇ ਵਾਪਸ ਨਹੀਂ ਕੀਤੇ। ਇਸ ਕਾਰਨ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨਾਲ ਸਬੰਧ ਤੋੜ ਲਏ।
ਉਸਦੇ ਮਾਪਿਆਂ ਨੇ ਉਸਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਨੌਜਵਾਨ ਦਾ ਦਾਅਵਾ ਹੈ ਕਿ ਅਬੋਹਰ ਵਿੱਚ ਨਸ਼ੇ ਖੁੱਲ੍ਹੇਆਮ ਵਿਕਦੇ ਹਨ। ਉਸਨੇ ਕਿਹਾ ਕਿ ਨਸ਼ੇ ਸ਼ਹਿਰ ਦੇ ਕਿਸੇ ਵੀ ਇਲਾਕੇ ਤੋਂ ਖਰੀਦੇ ਜਾ ਸਕਦੇ ਹਨ। ਨਸ਼ਾ ਤਸਕਰ ਪੈਸੇ ਲਈ ਕਿਸੇ ਨੂੰ ਵੀ ਨਸ਼ੇ ਵੇਚਦੇ ਹਨ। ਉਸਦੇ ਅਨੁਸਾਰ, ਅਬੋਹਰ ਵਿੱਚ ਲਗਭਗ 80 ਪ੍ਰਤੀਸ਼ਤ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹਨ।
ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਹੁਣ ਸਰਕਾਰ ਦੇ ਅਗਲੇ ਕਦਮਾਂ ‘ਤੇ ਟਿਕੀਆਂ ਹਨ, ਕਿਉਂਕਿ ਇਹ ਮੁੱਦਾ ਸਿਰਫ਼ ਰਾਜਿਕ ਮੁੱਦਾ ਨਹੀਂ, ਸਗੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।