ਮਾਨ ਸਰਕਾਰ ਨੇ ਜਾਂਚ ਕੀਤੇ ਬਿਨਾਂ ਬਿਕਰਮ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ : ਅਕਾਲੀ ਦਲ

1
3471
ਮਾਨ ਸਰਕਾਰ ਨੇ ਜਾਂਚ ਕੀਤੇ ਬਿਨਾਂ ਬਿਕਰਮ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ : ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੁੱਢਲੀ ਜਾਂ ਨਿਯਮਿਤ ਜਾਂਚ ਕਰਵਾਏ ਬਗੈਰ ਬਿਕਰਮ ਸਿੰਘ ਮਜੀਠੀਆ ਖਿਲਾਫ ਆਮਦਨ ਨਾਲੋਂ ਵੱਧ ਜਾਇਦਾਦ ਦਾ ਕੇਸ ਦਰਜ ਕਰ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਪਾਰਟੀ ਨੇ ਸਰਕਾਰ ’ਤੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਫੇਲ੍ਹ ਹੋਣ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਬਿਕਰਮ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਕਰਨ ਦਾ ਦੋਸ਼ ਵੀ ਲਗਾਇਆ।

”ਮਾਨ ਸਰਕਾਰ ਨੇ ਅਦਾਲਤ ਦੀ ਮਾਣਹਾਨੀ ਕੀਤੀ”

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਆਪ ਸਰਕਾਰ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਅਤੇ ਬਿਕਰਮ ਮਜੀਠੀਆ ਨੂੰ 540 ਕਰੋੜ ਰੁਪਏ ਦੇ ਨਸ਼ਾ ਤਸਕਰੀ ਕੇਸ ਵਿਚ ਗ੍ਰਿਫਤਾਰ ਕੀਤੇ ਹੋਣ ਦੇ ਬਿਆਨ ਦੇ ਕੇ ਅਦਾਲਤ ਦੀ ਮਾਣਹਾਨੀ ਕਰਨ ਦੇ ਵੀ ਦੋਸ਼ ਲਗਾਏ। ਉਹਨਾਂ ਕਿਹਾ ਕਿ ਇਹ ਨਾ ਸਿਰਫ ਬੇਤੁਕੀ ਬਿਆਨਬਾਜ਼ੀ ਹੈ ਬਲਕਿ ਝੂਠ ਦਾ ਪੁਲੰਦਾ ਹੈ ਜਿਸ ਲਈ ਆਪ ਆਗੂਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਦੱਸੇ ਕਿ ਇਸਨੇ ਐਫ ਆਈ ਆਰ ਵਿਚ ਦੱਸੀ 540 ਕਰੋੜ ਰੁਪਏ ਦੀ ਰਾਸ਼ੀ ਦੇ ਮਾਮਲੇ ਵਿਚ ਇਕ ਵੀ ਸ਼ਿਕਾਇਤ ਕਿਉਂ ਜਾਰੀ ਨਹੀਂ ਕੀਤੀ।

ਉਹਨਾਂ ਕਿਹਾ ਕਿ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ਸ਼ਰਾਬ ਘੁਟਾਲੇ ਵਿਚ ਸ਼ਰਾਬ ਠੇਕੇਦਾਰਾਂ ਤੋਂ ਸ਼ਿਕਾਇਤਾਂ ਮਿਲਣ ਮਗਰੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ, ਜਿਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਦੋਵਾਂ ਨੂੰ ਰਿਸ਼ਵਤ ਦਿੱਤੀ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਾਈ ਕੋਰਟ ਨੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਦਰਜ ਐਨਡੀਪੀਐਸ ਕੇਸ ਵਿਚ ਬਿਕਰਮ ਮਜੀਠੀਆ ਨੂੰ ਜ਼ਮਾਨਤ ਦਿੰਦਿਆਂ ਕਿਹਾ ਸੀ ਕਿ ਨਾ ਤਾਂ ਨਸ਼ੇ ਦਾ ਪੈਸਾ ਮਿਲਿਆ, ਨਾ ਲੈਣ-ਦੇਣ ਸਾਬਤ ਹੋਇਆ ਤੇ ਨਾ ਹੀ ਪੈਸੇ ਦਾ ਲੈਣ ਦੇਣ ਹੋਇਆ।

”ਆਮਦਨ ਨਾਲ ਵੱਧ ਜਾਇਦਾਦ ਦਾ ਮਾਮਲਾ ਮਨਘੜਤ”

ਗਰੇਵਾਲ ਨੇ ਕਿਹਾ ਕਿ ਅੱਜ ਸਰਕਾਰੀ ਵਕੀਲ ਨੇ ਅੱਜ ਕਿਹਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਨਘੜਤ ਮਾਮਲਾ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਵਿਚ ਜਿਹੜੀਆਂ ਜਾਇਦਾਦਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਮਜੀਠੀਆ ਪਰਿਵਾਰ ਕੋਲ ਉਦੋਂ ਤੋਂ ਹਨ, ਜਦੋਂ ਬਿਕਰਮ ਮਜੀਠੀਆ ਪੈਦਾ ਵੀ ਨਹੀਂ ਹੋਏ ਸਨ। ਉਹਨਾਂ ਕਿਹਾ ਕਿ ਮਜੀਠੀਆ ਪਰਿਵਾਰ ਪੁਰਾਣਾ ਰੱਜਿਆ ਪੁੱਜਿਆ ਪਰਿਵਾਰ ਹੈ ਤੇ ਬਿਕਰਮ ਮਜੀਠੀਆ ਦੇ ਦਾਦਾ ਜੀ ਕੋਲ ਹਵਾਈ ਜਹਾਜ਼ ਤੇ ਰੋਲਸ ਰਾਈਸ ਵਰਗੀਆਂ ਕਾਰਾਂ ਵੀ ਸਨ।

ਉਹਨਾਂ ਕਿਹਾ ਕਿ ਇਹ ਵੀ ਗਲਤ ਕਿਹਾ ਜਾ ਰਿਹਾ ਹੈ ਕਿ ਸਰਾਇਆ ਇੰਡਸਟਰੀ ਵਿਚ ਬਿਕਰਮ ਸਿੰਘ ਮਜੀਠੀਆ ਹੀ ਫੈਸਲੇ ਲੈਂਦੇ ਸਨ, ਜਦੋਂ ਕਿ ਉਹਨਾਂ ਨੇ 2007 ਵਿਚ ਕੰਪਨੀ ਦੇ ਡਾਇਰੈਕਟਰ ਵਜੋਂ ਅਸਤੀਫਾ ਦੇ ਦਿੱਤਾ ਸੀ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਕਰਮ ਮਜੀਠੀਆ ਖਿਲਾਫ ਦਰਜ ਨਵੇਂ ਕੇਸ ਵਿਚ ਜਿਹੜੇ ਦੋਸ਼ ਲਗਾਏ ਗਏ ਹਨ, ਉਹ ਸਾਰੇ ਸਰਕਾਰ ਨੇ ਐਨਡੀਪੀਐਸ ਕੇਸ ਵਿਚ ਜ਼ਮਾਨਤ ਰੱਦ ਕਰਵਾਉਣ ਲਈ ਪਟੀਸ਼ਨ ਪਾਉਣ ਵੇਲੇ ਸੁਪਰੀਮ ਕੋਰਟ ਵਿਚ ਦੱਸੇ ਸਨ। ਸੁਪਰੀਮ ਕੋਰਟ ਨੇ ਇਹਨਾਂ ਦੋਸ਼ਾਂ ਦਾ ਨੋਟਿਸ ਨਹੀਂ ਲਿਆ ਤੇ ਹੁਣ ਇਹ ਮੁੜ ਤੋਂ ਲਗਾ ਦਿੱਤੇ ਗਏ ਹਨ ਅਤੇ ਨਵੇਂ ਕੇਸ ਵਿਚ ਤਬਦੀਲ ਕਰ ਦਿੱਤੇ ਗਏ ਹਨ।

‘ਆਪ’ ਨੇ ਲੋਕਾਂ ਨੂੰ ਐਮਰਜੈਂਸੀ ਚੇਤੇ ਕਰਵਾਈ : ਭੂੰਦੜ

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਅੱਜ ਬਿਕਰਮ ਮਜੀਠੀਆ ਨੂੰ ਅਦਾਲਤ ਵਿਚ ਪੇਸ਼ ਕਰਨ ਵੇਲੇ ਕਰਫਿਊ ਵਰਗੇ ਹਾਲਾਤ ਬਣਾ ਦਿੱਤੇ ਸਨ ਤੇ ਆਪਣੇ ਕੇਸਾਂ ਵਾਸਤੇ ਅਦਾਲਤ ਪੁੱਜੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਬਦਲਾਖੋਰੀ ਦੀ ਕਾਰਵਾਈ ਨੇ ਲੋਕਾਂ ਨੂੰ ਐਮਰਜੰਸੀ ਚੇਤੇ ਕਰਵਾ ਦਿੱਤੀ ਹੈ ਤੇ ਉਹਨਾਂ ਇਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਉਹਨਾਂ ਕਿਹਾ ਕਿ ਆਪ ਸਰਕਾਰ ਪਿਛਲੇ ਤਿੰਨਸਾਲਾਂ  ਤੋਂ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਵਾਸਤੇ ਪੱਬਾਂ ਭਾਰ ਸੀ ਅਤੇ ਉਸਨੇ ਵਾਰ-ਵਾਰ ਐਸਆਈਟੀ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਤੇ ਅਫਸਰ ਵੀ ਮੁਅੱਤਲ ਕੀਤੇ ਤਾਂ ਜੋ ਉਹਨਾਂ ਨੂੰ ਗੈਰ ਕਾਨੂੰਨੀ ਕਾਰਵਾਈ ਲਈ ਮਜਬੂਰ ਕੀਤਾ ਜਾ ਸਕੇ।

ਉਹਨਾਂ ਨੇ ਬਿਕਰਮ ਮਜੀਠੀਆ ਨਾਲ ਇਕਜੁੱਟਤਾ ਜੁਟਾਉਣ ਅਤੇ ਬਦਲਾਖੋਰੀ ਦੀ ਕਾਰਵਾਈ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵਿਰੋਧੀ ਧਿਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਤੇ ਲਖਬੀਰ ਸਿੰਘ ਲੋਧੀਨੰਗਲ ਵੀ ਹਾਜ਼ਰ ਸਨ।

 

1 COMMENT

LEAVE A REPLY

Please enter your comment!
Please enter your name here