ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਵੜਿੰਗ ਦੇ ਕੋਲ ਸਥਿਤ ਟੋਲ ਪਲਾਜ਼ਾ ‘ਤੇ ਲਗਭਗ 2 ਸਾਲਾਂ ਬਾਅਦ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਹਟਾ ਲਿਆ ਗਿਆ ਹੈ ਅਤੇ ਹੁਣ ਇਹ ਟੋਲ ਪਲਾਜ਼ਾ ਦੁਬਾਰਾ ਚੱਲਣ ਲੱਗ ਪਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੋਲ ਕੰਪਨੀ ਨਾਲ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ, ਜਿਸ ਵਿੱਚ ਕੰਪਨੀ ਨੇ ਡੇਢ ਸਾਲ ਦੇ ਅੰਦਰ ਨਹਿਰ ’ਤੇ ਪੁਲ ਬਣਾਉਣ ਦਾ ਵਾਅਦਾ ਕੀਤਾ।
ਇਸ ਵਜ੍ਹਾ ਕਰਕੇ ਕੀਤਾ ਗਿਆ ਸੀ ਬੰਦ
ਦੱਸਣਯੋਗ ਹੈ ਕਿ ਪਿੰਡ ਵੜਿੰਗ ਨੇੜੇ ਨਹਿਰ ਵਿੱਚ ਬੱਸ ਡਿੱਗਣ ਦੀ ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੜਿੰਗ ਸਥਿਤ ਟੋਲ ਪਲਾਜ਼ਾ ’ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਇਹ ਧਰਨਾ ਲਗਭਗ ਦੋ ਸਾਲ ਚੱਲਿਆ, ਜਿਸ ਦੌਰਾਨ ਇਹ ਟੋਲ ਪਲਾਜ਼ਾ ਪੂਰੀ ਤਰ੍ਹਾਂ ਪਰਚੀ ਮੁਕਤ ਰਿਹਾ। ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਟੋਲ ਕੰਪਨੀ ਅਤੇ ਕਿਸਾਨ ਆਗੂਆਂ ਵਿਚਕਾਰ ਸਹਿਮਤੀ ਬਣਨ ਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਟੋਲ ਪੁਰਾਣੇ ਤਰੀਕੇ ਨਾਲ ਚੱਲੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸਾਡੀ ਪਹਿਲੇ ਦਿਨ ਤੋਂ ਹੀ ਇਹ ਮੰਗ ਸੀ ਕਿ ਜੇਕਰ ਟੋਲ ਲਗਾਉਣਾ ਹੈ ਤਾਂ ਕੰਪਨੀ ਨੂੰ ਪਹਿਲਾਂ ਨਹਿਰਾਂ ’ਤੇ ਪੂਰੇ ਤਕਨੀਕੀ ਇੰਤਜ਼ਾਮ ਨਾਲ ਪੁਲ ਬਣਵਾਉਣੇ ਚਾਹੀਦੇ ਹਨ ਅਤੇ ਇਸ ਤੋਂ ਬਾਅਦ ਸੜਕ ਦੀ ਪੂਰੀ ਮੁਰੰਮਤ ਕਰਵਾਈ ਜਾਵੇ।
ਪੁਲ ਦਾ ਹੋਏਗਾ ਨਿਰਮਾਣ
ਹੁਣ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੰਪਨੀ ਦੇ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ ਵਿੱਚ ਲਿਖਤ ਰੂਪ ਵਿੱਚ ਇਹ ਭਰੋਸਾ ਦਿਵਾਇਆ ਗਿਆ ਹੈ ਕਿ 45 ਦਿਨਾਂ ਦੇ ਅੰਦਰ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਲਗਭਗ ਸਵਾ ਸਾਲ ਵਿੱਚ ਇਹ ਪੁਲ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਸਨ, ਪਰ ਉਨ੍ਹਾਂ ਵਿੱਚ ਕੋਈ ਸਹਿਮਤੀ ਨਹੀਂ ਬਣੀ ਸੀ। ਹੁਣ ਪ੍ਰਸ਼ਾਸਨੀਕ ਅਧਿਕਾਰੀਆਂ ਦੀ ਮੌਜੂਦਗੀ ‘ਚ ਇਸ ਮਾਮਲੇ ‘ਤੇ ਸਹਿਮਤੀ ਬਣਨ ਤੋਂ ਬਾਅਦ ਧਰਨਾ ਹਟਾਇਆ ਜਾ ਰਿਹਾ ਹੈ।