ਚੰਡੀਗੜ੍ਹ ਵਾਲਿਆਂ ਲਈ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ ਹਾਂ ਜਲਦ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਉਦੈਪੁਰ ਲਈ ਸਿੱਧੀ ਚੇਤਕ ਐਕਸਪ੍ਰੈਸ ਟ੍ਰੇਨ ਚਲਾਈ ਜਾ ਸਕਦੀ ਹੈ। ਅੰਬਾਲਾ ਰੇਲ ਮੰਡਲ ਨੇ ਇਸ ਟ੍ਰੇਨ ਦੀ ਚਲਾਣ ਲਈ ਰੇਲਵੇ ਬੋਰਡ ਨੂੰ ਪ੍ਰਸਤਾਵ ਭੇਜ ਦਿੱਤਾ ਹੈ ਅਤੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮੰਡਲ ਮੁਤਾਬਕ ਇਹ ਟ੍ਰੇਨ ਪਹਿਲਾਂ ਤੋਂ ਤੈਅ ਸੀ, ਪਰ 2024 ਦੇ ਹਰਿਆਣਾ ਵਿਧਾਨ ਸਭਾ ਚੋਣਾਂ ਕਰਕੇ ਇਸਦਾ ਸ਼ੈਡਿਊਲ ਟਾਲ ਦਿੱਤਾ ਗਿਆ ਸੀ।
ਯੋਜਨਾ ਅਨੁਸਾਰ, ਇਹ ਟ੍ਰੇਨ 10 ਸਤੰਬਰ 2024 ਨੂੰ ਚੰਡੀਗੜ੍ਹ ਤੋਂ ਚਲਣੀ ਸੀ। ਚੇਤਕ ਐਕਸਪ੍ਰੈਸ ਸਵੇਰੇ 9:15 ਵਜੇ ਉਦੈਪੁਰ ਤੋਂ ਚੰਡੀਗੜ੍ਹ ਪਹੁੰਚਦੀ, ਫਿਰ ਪੂਰਾ ਦਿਨ ਰੁਕਣ ਤੋਂ ਬਾਅਦ ਦੁਪਹਿਰ 3:45 ਵਜੇ ਦੁਬਾਰਾ ਉਦੈਪੁਰ ਵੱਲ ਰਵਾਨਾ ਹੁੰਦੀ। ਪਰ ਚੋਣਾਂ ਕਾਰਨ ਰੇਲਵੇ ਬੋਰਡ ਨੇ ਉਸ ਵੇਲੇ ਇਸਦਾ ਸ਼ੈਡਿਊਲ ਜਾਰੀ ਨਹੀਂ ਕੀਤਾ।
ਇਸ ਟ੍ਰੇਨ ਦੀ ਚਲਾਣ ਨੂੰ ਲੈ ਕੇ ਚੰਡੀਗੜ੍ਹ ਪਰਸ਼ਾਸਨ ਵੀ ਗੰਭੀਰ ਹੈ। ਹਾਲ ਹੀ ਵਿੱਚ ਸ਼ਹਿਰ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ਤੋਂ ਧਾਰਮਿਕ ਸਥਾਨਾਂ ਦੀ ਵਧੀਆ ਕਨੈਕਟਿਵਟੀ ਬਾਰੇ ਚਰਚਾ ਕੀਤੀ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧਾਰਮਿਕ ਸਥਾਨਾਂ ਲਈ ਹੋਰ ਟ੍ਰੇਨਾਂ ਦੀ ਵੀ ਸ਼ੁਰੂਆਤ ਹੋ ਸਕਦੀ ਹੈ।
ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ
ਰੇਲ ਭੂਮੀ ਵਿਕਾਸ ਪ੍ਰਾਧੀਕਰਨ (RLDA) ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਕੰਮ ਅਕਤੂਬਰ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੇਤਕ ਐਕਸਪ੍ਰੈਸ ਦਾ ਸੰਚਾਲਨ ਸਟੇਸ਼ਨ ਦੇ ਪੁਨਰਨਿਰਮਾਣ ਦੇ ਕੰਮ ਦੇ ਦਰਮਿਆਨ ਹੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਤੰਬਰ ਤੱਕ ਇਹ ਟ੍ਰੇਨ ਚਲ ਸਕਦੀ ਹੈ।
ਸ਼ਤਾਬਦੀ ਨੂੰ ਲੁਧਿਆਣੇ ਤੱਕ ਵਧਾਉਣ ‘ਤੇ ਵੀ ਚਰਚਾ-ਵਿਚਾਰ ਚੱਲ ਰਿਹਾ
ਦੂਜੇ ਪਾਸੇ, ਚੰਡੀਗੜ੍ਹ-ਦਿੱਲੀ ਦਰਮਿਆਨ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ (ਗੱਡੀ ਨੰਬਰ 12045/46) ਨੂੰ ਲੁਧਿਆਣਾ ਤੱਕ ਵਧਾਉਣ ਦਾ ਪ੍ਰਸਤਾਵ ਇੱਕ ਵਾਰੀ ਫਿਰ ਚਰਚਾ ‘ਚ ਆ ਗਿਆ ਹੈ। ਇਹ ਪ੍ਰਸਤਾਵ ਸਾਲ 2024 ਵਿੱਚ ਰੱਖਿਆ ਗਿਆ ਸੀ, ਪਰ ਮਾਮਲਾ ਵਿਚਕਾਰ ਹੀ ਅਟਕ ਗਿਆ ਸੀ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਮੋਹਾਲੀ ਰੇਲਵੇ ਸਟੇਸ਼ਨ ਦੇ ਅਪਗ੍ਰੇਡ ਹੋਣ ਤੋਂ ਬਾਅਦ ਇਸ ਯੋਜਨਾ ‘ਤੇ ਮੁੜ ਕੰਮ ਹੋ ਸਕਦਾ ਹੈ। ਸਟੇਸ਼ਨ ਅਪਗ੍ਰੇਡ ਹੋਣ ਤੋਂ ਬਾਅਦ ਉੱਥੋਂ ਟਰੇਨਾਂ ਦੀ ਗਿਣਤੀ ਵਧਾਈ ਜਾਵੇਗੀ।